ਜਲੰਧਰ : ਸੀਆਈਏ ਸਟਾਫ ਦੀ ਪੁਲਿਸ ਨੇ ਗਸ਼ਤ ਦੌਰਾਨ ਚੋਰੀ ਦੇ ਕਾਰਤੂਸ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ ਤੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਚੋਰੀ ਦਾ ਹੋਰ ਵੀ ਸਾਮਾਨ ਬਰਾਮਦ ਹੋਇਆ ਹੈ। ਸੀਆਈਏ ਸਟਾਫ ਦੇ ਮੁਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਛਾਉਣੀ ਇਲਾਕੇ 'ਚ ਗਸ਼ਤ ਕਰ ਰਹੀ ਸੀ ਕਿ ਉਨ੍ਹਾਂ ਨੂੰ ਮੁਖਬਰੀ ਮਿਲੀ ਸੀ ਕਿ ਬੌਬੀ ਵਾਸੀ ਮੁਹੱਲਾ ਸੁਰਾਜਗੰਜ ਜਿਸ ਕੋਲ ਚੋਰੀ ਦੇ ਕਾਰਤੂਸ ਹਨ ਇਸ ਵੇਲੇ ਉਨ੍ਹਾਂ ਨੂੰ ਵੇਚਣ ਦੀ ਤਾਕ 'ਚ ਹਾਥੀ ਗੇਟ ਲਾਗੇ ਘੁੰਮ ਰਿਹਾ ਹੈ ਜਿਸ 'ਤੇ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਹਾਥੀ ਗੇਟ ਲਾਗਿਓਂ ਬੌਬੀ ਨੂੰ ਕਾਬੂ ਕਰ ਕੇ ਉਸ ਕੋਲੋਂ 105 ਕਾਰਤੂਸ ਬਰਾਮਦ ਕੀਤੇ।
ਸੰਬੰਧਿਤ ਖ਼ਬਰਾਂ
ਪੁੱਛਗਿੱਛ 'ਚ ਉਸ ਨੇ ਦੱਸਿਆ ਕਿ ਇਹ ਕਾਰਤੂਸ ਬੰਦ ਪਏ ਸੂਰੀ ਗੰਨ ਹਾਊਸ ਤੋਂ ਚੋਰੀ ਕੀਤੇ ਸਨ ਤੇ ਇਨ੍ਹਾਂ 'ਚੋਂ 5 ਕਾਰਤੂਸ ਉਸ ਨੇ ਨਿਖਿਲ ਉਰਫ ਸੋਨੂੰ ਵਾਸੀ ਖੋਦੀਆਂ ਮੁਹੱਲੇ ਨੂੰ ਵੇਚੇ ਹਨ। ਪੁਲਿਸ ਨੇ ਨਿਖਿਲ ਨੂੰ ਵੀ ਕਾਬੂ ਕਰ ਲਿਆ ਤੇ ਦੋਵਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੀ ਇਕ ਐੱਲਈਡੀ, ਮੋਬਾਈਲ ਤੇ ਹਾਰਡ ਡਿਸਕ ਵੀ ਬਰਾਮਦ ਕੀਤੀ ਹੈ।
ਪੁੱਛ-ਪੜਤਾਲ 'ਚ ਦੋਵਾਂ ਨੇ ਮੰਨਿਆ ਕਿ ਉਨ੍ਹਾਂ ਦਾ ਇਕ ਹੋਰ ਸਾਥੀ ਲਾਲਾ ਵਾਸੀ ਮਖਦੂਮਪੁਰਾ ਵੀ ਹੈ ਜਿਹੜਾ ਉਨ੍ਹਾਂ ਨਾਲ ਮਿਲ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਪੁਲਿਸ ਲਾਲਾ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ। ਸਟਾਫ ਮੁਖੀ ਨੇ ਦੱਸਿਆ ਕਿ ਪੁਲਿਸ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕਰੇਗੀ। ਚੋਰੀ ਦੇ ਹੋਰ ਵੀ ਮਾਮਲੇ ਹੱਲ ਹੋਣ ਦੀ ਉਮੀਦ ਹੈ।






