ਤਰਨਤਾਰਨ : ਐਤਵਾਰ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਆਪਣੇ ਬੂਥਾਂ 'ਤੇ ਪੁੱਜੀਆਂ ਪੋਲਿੰਗ ਪਾਰਟੀਆਂ ਦਾ ਬੂਥ ਲੈਵਲ ਅਫਸਰਾਂ ਨੇ ਸ਼ਾਨਦਾਰ ਸਵਾਗਤ ਕਰਦਿਆਂ ਜਿੱਥੇ ਫੁੱਲਾਂ ਦੀ ਵਰਖਾ ਕੀਤੀ ਉਥੇ ਚੋਣ ਅਮਲੇ ਨੂੰ ਗੁਲਦਸਤੇ ਭੇਟ ਕਰ ਕੇ 'ਜੀ ਆਇਆਂ ਨੂੰ' ਵੀ ਕਿਹਾ ਗਿਆ। ਇਹ ਨਿਵੇਕਲੀ ਪਹਿਲ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ 'ਚ ਵੇਖਣ ਨੂੰ ਮਿਲੀ ਹੈ।ਖਡੂਰ ਸਾਹਿਬ ਦੇ ਐੱਸਡੀਐੱਮ ਕਮ ਸਹਾਇਕ ਰਿਟਰਨਿੰਗ ਅਫਸਰ ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਪੋਲਿੰਗ ਪਾਰਟੀਆਂ ਦਾ ਮਨੋਬਲ ਉੱਚਾ ਚੁੱਕਣ ਦੇ ਲਈ ਉਨ੍ਹਾਂ ਬੀਐਲਓਜ਼ ਵੱਲੋਂ ਚੋਣ ਅਮਲੇ ਨੂੰ ਇਹ ਸਨਮਾਨ ਦਿੱਤਾ ਗਿਆ ਹੈ ਤਾਂ ਜੋ ਪੋਲਿੰਗ ਪਾਰਟੀਆਂ ਇਹ ਲੋਕ ਸਭਾ ਚੋਣਾਂ ਇਕ ਤਿਉਹਾਰ ਦੀ ਤਿਉਹਾਰ ਦੀ ਤਰ੍ਹਾਂ ਮਹਿਸੂਸ ਹੋਣ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਦੇ ਬੂਥ ਨੰਬਰ 150, ਬੂਥ ਨੰਬਰ 151 ਅਤੇ 152 ਤੇ ਜਦੋਂ ਪੋਲਿੰਗ ਪਾਰਟੀਆਂ ਪੁੱਜੀਆਂ ਤਾਂ ਉਨ੍ਹਾਂ ਦਾ ਸਵਾਗਤ ਸ਼ਾਨਦਾਰ ਢੰਗ ਨਾਲ ਕੀਤਾ ਗਿਆ।
ਸੰਬੰਧਿਤ ਖ਼ਬਰਾਂ
ਬੂਥ ਲੈਵਲ ਅਫਸਰਾਂ ਨੇ ਪਹਿਲਾਂ ਗੁਲਦਸਤੇ ਭੇਟ ਕੀਤੇ ਅਤੇ ਫਿਰ ਪਾਰਟੀਆਂ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਜਦੋਂਕਿ ਐੱਸਡੀਐੱਮ ਦਫਤਰ ਤੋਂ ਸੁਪਰਡੈਂਟ ਰਾਜਵਿੰਦਰ ਸਿੰਘ ਅਤੇ ਸੈਕਟਰ ਮੈਜਿਸਟ੍ਰੇਟ ਜਸਪਾਲ ਸਿੰਘ ਉਚੇਚੇ ਤੌਰ 'ਤੇ ਪੋਲਿੰਗ ਪਾਰਟੀਆਂ ਨੂੰ 'ਜੀ ਆਇਆਂ ਨੂੰ' ਕਹਿਣ ਲਈ ਪੁੱਜੇ। ਜਦੋਂਕਿ ਉਕਤ ਤਿੰਨੇ ਬੂਥਾਂ ਦੇ ਬੀਐਲਓ ਗੁਰਵੇਲ ਸਿੰਘ, ਹਰਜੀਤ ਕੌਰ ਅਤੇ ਬਲਬੀਰ ਸਿੰਘ ਨੇ ਇਸ ਦੌਰਾਨ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਪੁੱਜੇ ਚੋਣ ਅਮਲੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਘਰ ਵਰਗਾ ਮਾਹੌਲ ਪ੍ਰਦਾਨ ਕੀਤਾ ਜਾਵੇਗਾ। ਐੱਸਡੀਐੱਮ ਕੁਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਇਕ ਨਿਵੇਕਲਾ ਕਦਮ ਚੁੱਕਿਆ ਗਿਆ ਹੈ ਜਿਸ ਨਾਲ ਪੋਲਿੰਗ ਸਟਾਫ ਨੂੰ ਕੰਮ ਕਰਨ ਦੇ ਲਈ ਚੰਗਾ ਮਾਹੌਲ ਮਿਲੇਗਾ। ਇਸ ਦੌਰਾਨ ਸੱਭਿਆਚਾਰਕ ਪਹਿਰਾਵੇ ਵਿਚ ਸੱਜੇ ਬੱਚੇ ਵੀ ਮੌਜੂਦ ਸਨ।






