ਲੁਧਿਆਣਾ : ਲੁਧਿਆਣਾ ਮਹਾਨਗਰ ਦੇ ਬਹਾਦੁਰ ਕੇ ਰੋਡ ਸਥਿਤ ਸਬਜ਼ੀ ਮੰਡੀ ਵਿੱਚ ਰੇਹੜੀ ਫੜੀ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧੜੇ ਅੱਜ ਸਵੇਰੇ ਆਹਮੋ ਸਾਹਮਣੇ ਹੋਏ। ਇਸ ਦੌਰਾਨ ਜ਼ਖ਼ਮੀ ਹੋਏ ਹਨੀ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਅੱਜ ਸਬਜ਼ੀ ਮੰਡੀ ਵਿੱਚ ਇਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਜਿਸ ਦੌਰਾਨ ਮੌਜੂਦਾ ਪ੍ਰਧਾਨ ਰਮੇਸ਼ ਕੁਮਾਰ ਬਠਲਾ, ਪਾਰਕਿੰਗ ਠੇਕੇਦਾਰ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਟੈਂਟ ਲਗਾਉਣ ਲਈ ਮਨਾਹੀ ਕੀਤੀ ਗਈ।
ਸੰਬੰਧਿਤ ਖ਼ਬਰਾਂ
ਮੌਕੇ 'ਤੇ ਹੀ ਨਵੇਂ ਬਣ ਰਹੇ ਪ੍ਰਧਾਨ ਹਨੀ ਦੇ ਸਿਰ 'ਤੇ ਰਾਡ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮੰਡੀ 'ਚ ਇਕਜੁੱਟ ਹੋਏ ਆੜ੍ਹਤੀਆਂ ਨੇ ਬਹਾਦੁਰ ਕੇ ਰੋਡ ਜਾਮ ਕਰ ਦਿੱਤਾ। ਦੂਜੇ ਪਾਸੇ ਠੇਕੇਦਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਠੇਕਾ ਲਏ ਕੁੱਲ ਤਿੰਨ ਮਹੀਨੇ ਹੋ ਗਏ ਹਨ।
ਅੱਜ ਤਕ ਉਨ੍ਹਾਂ ਦੀ ਕਿਸੇ ਪਾਸੋਂ ਕੋਈ ਵੀ ਸ਼ਿਕਾਇਤ ਨਹੀਂ ਹੈ ਪਰ ਮੰਡੀ 'ਚ 15 ਦਿਨ ਪਹਿਲਾਂ ਬਣੀ ਨਵੀਂ ਐਸੋਸੀਏਸ਼ਨ ਦੌਰਾਨ ਹੀ ਲਗਾਤਾਰ ਮਹੀਨਾ ਵਸੂਲੀ ਨੂੰ ਲੈ ਕੇ ਤੰਗ ਕੀਤਾ ਜਾ ਰਿਹਾ ਹੈ ਤੇ ਇਹ ਸਾਰਾ ਡਰਾਮਾ ਰਚਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੀ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






