ਕਪੂਰਥਲਾ : 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੀ ਪੋਲਿੰਗ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਦੇ ਮਕਸਦ ਨਾਲ ਅੱਜ ਚੋਣ ਅਮਲੇ ਦੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਪ੍ਰੈਕਟੀਕਲ ਟ੍ਰੇਨਿੰਗ ਕਰਵਾਈ ਗਈ, ਜਿਸ ਦੌਰਾਨ ਉਨਾਂ ਨੂੰ ਈ. ਵੀ. ਐਮਜ਼ ਅਤੇ ਵੀ. ਪੀ. ਪੈਟਜ਼ ਚਲਾਉਣ ਦੀ ਵਿਸਥਾਰ ਨਾਲ ਸਿਖਲਾਈ ਦਿੱਤੀ ਗਈ। ਚੋਣ ਕਮਿਸ਼ਨ ਦੀਆਂ ਸੇੇਧਾਂ ਮੁਤਾਬਿਕ ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ ਆਪਣੇ ਕੰਮ ਵਿਚ ਪੂਰੀ ਤਰਾਂ ਨਿਪੁੰਨ ਕਰਨ ਲਈ ਸਥਾਨਕ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਕਰਵਾਈ ਗਈ ਇਸ ਟ੍ਰੇਨਿੰਗ ਦਾ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਇੰਜ: ਡੀ. ਪੀ. ਐਸ ਖਰਬੰਦਾ ਨੇ ਵਿਸ਼ੇਸ਼ ਤੌਰ 'ਤੇ ਜਾਇਜ਼ਾ ਲਿਆ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਉਨਾਂ ਕਿਹਾ ਕਿ ਮਤਦਾਨ ਅਮਲ ਨੂੰ ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ|
ਸੰਬੰਧਿਤ ਖ਼ਬਰਾਂ
ਇਸ ਲਈ ਉਨਾਂ ਦਾ ਆਪਣੇ ਕੰਮ ਵਿਚ ਨਿਪੁੰਨ ਹੋਣਾ ਬੇਹੱਦ ਲਾਜ਼ਮੀ ਹੈ। ਉਨਾਂ ਕਿਹਾ ਕਿ ਚੋਣ ਅਮਲ ਦੀ ਹਰੇਕ ਛੋਟੀ ਤੋਂ ਛੋਟੀ ਗੱਲ ਨੂੰ ਸਿੱਖਿਆ ਜਾਵੇ ਅਤੇ ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਕਿਤਾਬ ਨੂੰ ਡੂੰਘਾਈ ਨਾਲ ਪੜ ਕੇ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਉਨਾਂ ਕਿਹਾ ਕਿ ਇਸ ਵਾਰ ਹਰੇਕ ਈ. ਵੀ. ਐਮ ਨਾਲ ਵੀ. ਵੀ. ਪੀ ਪੈਟ ਜੋੜੇ ਜਾਣ ਕਾਰਨ ਇਨਾਂ ਮਸ਼ੀਨਾਂ ਦੀ ਨਾਜ਼ੁਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਨਾਂ ਦਾ ਸੰਚਾਲਨ ਕਰਨਾ ਪਵੇਗਾ। ਇਸੇ ਲਈ ਲਗਾਤਾਰ ਰਿਹਰਸਲਾਂ ਦੌਰਾਨ ਪ੍ਰੈਕਟੀਕਲ ਤੌਰ 'ਤੇ ਲੈਬਜ਼ ਰਾਹੀਂ ਅਤੇ ਲਿਖਤੀ ਤੌਰ 'ਤੇ ਕਲਾਸ ਰੂਮਜ਼ ਰਾਹੀਂ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਚੋਣ ਅਮਲੇ ਨੂੰ ਆਪਣੀ ਡਿਊਟੀ ਵਿਚ ਨਿਪੁੰਨ ਕੀਤਾ ਜਾ ਸਕੇ।
ਉਨਾਂ ਕਿਹਾ ਕਿ ਪ੍ਰੈਕਟੀਕਲ ਲੈਬਜ਼ ਦੀ ਟ੍ਰੇਨਿੰਗ ਇਨਾਂ ਮਸ਼ੀਨਾਂ ਨੂੰ ਆਪਰੇਟ ਕਰਨ ਨਾਲ ਸਬੰਧਤ ਹੈ ਤਾਂ ਜੋ ਮਤਦਾਨ ਮੌਕੇ ਉਨਾਂ ਨੂੰ ਕਿਸੇ ਵੀ ਤਰਾਂ ਦੀ ਤਕਨੀਕੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨਾਂ ਪ੍ਰੀਜ਼ਾਈਡਿੰਗ ਅਫ਼ਸਰਾਂ ਤੋਂ ਵੋਟਿੰਗ ਮਸ਼ੀਨਾਂ ਚਲਵਾ ਕੇ ਦੇਖੀਆਂ ਅਤੇ ਮੌਕ ਪੋਲ ਕਰਵਾਈ। ਇਸ ਮੌਕੇ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਏ. ਪੀ. ਆਰ. ਓ ਸ. ਹਰਦੇਵ ਸਿੰਘ ਆਸੀ, ਮਾਸਟਰ ਟ੍ਰੇਨਰ ਪ੍ਰੋ. ਸਰਬਜੀਤ ਸਿੰਘ ਧੀਰ ਤੇ ਪ੍ਰੋ. ਬਿਕਰਮ ਸਿੰਘ ਵਿਰਕ, ਸ੍ਰੀ ਕੰਵਲਜੀਤ ਸਿੰਘ, ਸ. ਇੰਦਰਜੀਤ ਸਿੰਘ, ਸ੍ਰੀ ਸ਼ਕਤੀ ਸਿੰਘ, ਸ. ਅਮਰੀਕ ਸਿੰਘ, ਸ੍ਰੀ ਸੰਦੀਪ ਵਿਰਦੀ, ਸ੍ਰੀ ਮਨਮੋਹਨ ਸ਼ਰਮਾ, ਸ੍ਰੀ ਬਿਕਰਮ ਸ਼ਰਮਾ, ਸ੍ਰੀ ਸਤੀਸ਼ ਕੁਮਾਰ ਤੇ ਹੋਰ ਹਾਜ਼ਰ ਸਨ।






