ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਏ. ਡੀ. ਜੀ ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਪੰਜਾਬ ਸ੍ਰੀ ਬੀ. ਕੇ ਬਾਵਾ ਅਤੇ ਕਮਾਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਪੰਜਾਬ ਸ੍ਰੀ ਕੁਲਤਾਰਨ ਸਿੰਘ ਘੁੰਮਣ ਦੇ ਆਦੇਸ਼ਾਂ ਤਹਿਤ ਕਮਾਂਡੈਂਟ ਪੰਜਾਬ ਹੋਮ ਗਾਰਡਜ਼ ਕਪੂਰਥਲਾ ਸ. ਰਛਪਾਲ ਸਿੰਘ ਦੀ ਅਗਵਾਈ ਹੇਠ ਆਰ. ਸੀ. ਐਫ ਵਿਚ ਸੁਰੱਖਿਆ ਦੇ ਮੰਤਵ ਨਾਲ ਪੰਜਾਬ ਹੋਮ ਗਾਰਡਜ਼ ਕਪੂਰਥਲਾ ਦੇ 50 ਜਵਾਨ ਤਾਇਨਾਤ ਕੀਤੇ ਗਏ ਹਨ। ਆਰ. ਪੀ. ਐਫ/ਆਰ. ਸੀ. ਐਫ. ਦੇ ਸੀਨੀਅਰ ਸਕਿਉਰਿਟੀ ਕਮਿਸ਼ਨਰ ਸ੍ਰੀਮਤੀ ਕਮਲਜੀਤ ਕੌਰ ਬਰਾੜ ਅਤੇ ਸਕਿਉਰਿਟੀ ਕਮਿਸ਼ਨਰ ਸ੍ਰੀ ਵਿਜੇ ਰਾਉਤ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 14 ਏਕੜ ਵਿਚ ਫੈਲੀ ਰੇਲ ਕੋਚ ਫੈਕਟਰੀ ਦੀ ਸੁਰੱਖਿਆ ਵਿਚ ਆਰ. ਪੀ. ਐਫ ਦੇ ਕਰੀਬ 200 ਜਵਾਨ ਪਹਿਲਾਂ ਹੀ ਤਾਇਨਾਤ ਹਨ|
ਸੰਬੰਧਿਤ ਖ਼ਬਰਾਂ
ਪਰੰਤੂ ਅਜੋਕੇ ਹਾਲਾਤ ਦੇ ਮੱਦੇਨਜ਼ਰ ਇਸ ਦੀ ਸੁਰੱਖਿਆ ਵਿਚ ਕਾਫੀ ਘਾਟ ਮਹਿਸੂਸ ਹੋ ਰਹੀ ਸੀ, ਜੋ ਕਿ ਪੰਜਾਬ ਹੋਮ ਗਾਰਡਜ਼ ਦੇ ਜਵਾਨਾਂ ਦੇ ਆਉਣ ਨਾਲ ਕਾਫੀ ਹੱਦ ਤੱਕ ਖ਼ਤਮ ਹੋ ਜਾਵੇਗੀ। ਇਸ ਮੌਕੇ ਪੰਜਾਬ ਹੋਮ ਗਾਰਡਜ਼ ਕਪੂਰਥਲਾ ਦੇ ਕਮਾਂਡੈਂਟ ਸ. ਰਛਪਾਲ ਸਿੰਘ ਨੇ ਜਵਾਨਾਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਅਫ਼ਸਰ ਆਰ. ਪੀ. ਐਫ ਸ੍ਰੀ ਯੋਗੇਸ਼ ਭੱਟੀ ਨੇ ਜਵਾਨਾਂ ਨੂੰ ਡਿਊਟੀ ਸਬੰਧੀ ਹਦਾਇਤਾਂ ਦਿੰਦਿਆਂ ਦੱਸਿਆ ਕਿ ਜਵਾਨਾਂ ਦੀ ਡਿਊਟੀ 8-8 ਘੰਟੇ ਦੀ ਸ਼ਿਫਟ ਵਿਚ ਲਗਾਈ ਜਾਵੇਗੀ। ਇਸ ਮੌਕੇ ਕੰਪਨੀ ਇੰਚਾਰਜ ਸ. ਰਾਜਦੀਪ ਸਿੰਘ, ਸੁਪਰਵਾਈਜ਼ਰ ਸ. ਨਿਰਮਲ ਸਿੰਘ ਤੇ ਸ. ਬਲਕਾਰ ਸਿੰਘ ਸਮੇਤ ਹੋਰ ਸਟਾਫ ਹਾਜ਼ਰ ਸੀ।






