ਮਾਲੇਰਕੋਟਲਾ : ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਹੇ ਮੋਟੀਵੇਟਰਾਂ ਵਿਚੋਂ ਇਕ ਨੇ ਸ਼ੁੱਕਰਵਾਰ ਨੂੰ ਆਪਣੇ ਉਪਰ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਲਈ । ਅੱਗ ਮੱਚਦੀ ਦੇਖ ਕੇ ਉਸ ਦੇ ਸਾਥੀਆਂ ਨੇ ਤੁਰੰਤ ਅੱਗ ਬੁਝਾਈ ਪਰ ਉਹ ਝੁਲਸ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ। ਇਸੇ ਦੌਰਾਨ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਦੇ 6 ਕਾਰਕੁਨ ਤੀਜੇ ਦਿਨ ਵੀ ਰਟੌਲਾਂ ਦੀ ਪਾਣੀ ਵਾਲੀ ਟੈਂਕੀ 'ਤੇ ਡਟੇ ਰਹੇ। ਟੈਂਕੀ 'ਤੇ ਚੜ੍ਹੀਆਂ ਯੂਨੀਅਨ ਦੀਆਂ ਦੋ ਕਾਰਕੁਨ ਤਰਨਵੀਰ ਕੌਰ ਅੰਮ੍ਰਿਤਸਰ ਅਤੇ ਕੁਲਜੀਤ ਕੌਰ ਦੀ ਬੀਤੀ ਰਾਤ ਸਿਹਤ ਖ਼ਰਾਬ ਹੋ ਗਈ ਸੀ। ਤਰਨਵੀਰ ਕੌਰ ਅੰਮ੍ਰਿਤਸਰ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਜ਼ੇਰੇ ਇਲਾਜ ਹੈ।
ਸੰਬੰਧਿਤ ਖ਼ਬਰਾਂ
ਯੂਨੀਅਨ ਵੱਲੋਂ ਤਿੰਨ ਵਜੇ ਟੈਂਕੀ ਨੇੜੇ ਹੀ ਲੁਧਿਆਣਾ-ਸੰਗਰੂਰ ਸੜਕ 'ਤੇ ਧਰਨਾ ਲਾ ਦਿੱਤਾ ਗਿਆ । ਧਰਨੇ ਦੌਰਾਨ ਹੀ ਯੂਨੀਅਨ ਕਾਰਕੁਨ ਲਖਵੀਰ ਸਿੰਘ ਵਾਸੀ ਪਿੰਡ ਸਮਾਘ (ਫ਼ਰੀਦਕੋਟ) ਨੇ ਖ਼ੁਦ ਨੂੰ ਅੱਗ ਲਾ ਲਈ, ਜਿਸ ਨੂੰ ਮੌਕੇ 'ਤੇ ਹਾਜ਼ਰ ਡੀਐੱਸਪੀ ਅਮਰਗੜ੍ਹ ਪਲਵਿੰਦਰ ਸਿੰਘ ਚੀਮਾ ਅਤੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਯੂਨੀਅਨ ਕਾਰਕੁਨਾਂ ਦੀ ਮਦਦ ਨਾਲ ਅੱਗ ਬੁਝਾ ਕੇ ਐਂਬੂਲੈਂਸ 'ਚ ਪਾ ਕੇ ਸਰਕਾਰੀ ਹਸਪਤਾਲ ਪਹੁੰਚਾਇਆ।ਟੈਂਕੀ 'ਤੇ ਚੜ੍ਹੇ ਕਾਰਕੁਨ ਗੁਰਪ੍ਰੀਤ ਸਿੰਘ ਸੋਢੀ ਫ਼ਤਹਿਗੜ੍ਹ ਸਾਹਿਬ ਨੇ ਵੀ ਜਿਉਂ ਹੀ ਆਪਣੇ ਕੱਪੜਿਆਂ 'ਤੇ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਟੈਂਕੀ 'ਤੇ ਹੀ ਚੜ੍ਹੇ ਉਸ ਦੇ ਸਾਥੀਆਂ ਨੇ ਸਥਿਤੀ 'ਤੇ ਕਾਬੂ ਪਾਇਆ।
ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂਆਂ ਬੱਗਾ ਸਿੰਘ, ਰਵਿੰਦਰ ਸਿੰਘ ਖ਼ਾਲਸਾ, ਰਮਨਦੀਪ ਕੌਰ, ਬਲਜੀਤ ਸਿੰਘ ਬਠਿੰਡਾ, ਰਣਜੀਤ ਸਿੰਘ ਰਾਣਾ ਤੇ ਜਗਸੀਰ ਸਿੰਘ ਸੰਗਰੂਰ ਨੇ ਕਿਹਾ ਕਿ ਜੇਕਰ ਮਾਸਟਰ ਮੋਟੀਵੇਟਰ ਜਾਂ ਮੋਟੀਵੇਟਰ ਯੂਨੀਅਨ ਪੰਜਾਬ ਦੇ ਕਿਸੇ ਵੀ ਮੁਲਾਜ਼ਮ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਜਲ ਸਪਲਾਈ ਵਿਭਾਗ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।ਡੀਐੱਸਪੀ ਅਮਰਗੜ੍ਹ ਪਲਵਿੰਦਰ ਸਿੰਘ ਚੀਮਾ ਅਤੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਵੱਲੋਂ ਸੜਕ ਤੋਂ ਧਰਨਾ ਚੁੱਕਣ ਅਤੇ ਸਮਾਪਤ ਕਰਨ ਦੀਆਂ ਅਪੀਲਾਂ ਤੋਂ ਬਾਅਦ ਧਰਨਾਕਾਰੀਆਂ ਨੇ ਸੜਕ ਤੋਂ ਧਰਨਾ ਚੁੱਕ ਕੇ ਟੈਂਕੀ ਨੇੜੇ ਧਰਨਾ ਲਾਉਂਦਿਆਂ ਐਲਾਨ ਕੀਤਾ ਕਿ ਯੂਨੀਅਨ, ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਨਾਲ 12 ਮਾਰਚ ਨੂੰ ਤੈਅ ਹੋਈ ਬੈਠਕ ਦੇ ਨਤੀਜੇ ਤਕ ਆਪਣਾ ਧਰਨਾ ਜਾਰੀ ਰੱਖੇਗੀ ਤੇ ਟੈਂਕੀ 'ਤੇ ਚੜ੍ਹੇ ਕਾਰਕੁਨ ਟੈਂਕੀ ਉਪਰ ਹੀ ਰਹਿਣਗੇ।






