ਕਪੂਰਥਲਾ (ਇੰਦਰਜੀਤ ਸਿੰਘ) : ਹਾੜੀ 2019-20 ਦੌਰਾਨ ਕਣਕ ਦੀ ਬਿਜਾਈ ਲੱਗਭਗ ਮੁਕੰਮਲ ਹੋ ਗਈ ਹੈ ਅਤੇ ਜ਼ਿਲੇ ਵਿਚ 108200 ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਜ਼ਿਲਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਉਨਾਂ ਖੇਤੀਬਾੜੀ ਅਤੇ ਹੋਰਨਾਂ ਸਬੰਧਤ ਵਿਭਾਗਾਂ ਜਿਵੇਂ ਕਿ ਮੱਛੀ ਪਾਲਣ, ਪਸ਼ੂ ਪਾਲਣ, ਡੇਅਰੀ ਵਿਕਾਸ, ਬਾਗਬਾਨੀ, ਭੂਮੀ ਸੰਭਾਲ, ਸਹਿਕਾਰਤਾ, ਵਣ, ਜਲ ਨਿਕਾਸ ਆਦਿ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਉਨਾਂ ਕਿਹਾ ਕਿ ਪਿੰਡਾਂ ਵਿਚਲੇ ਛੱਪੜਾਂ ਦੇ ਪਾਣੀ ਦੀ ਟੈਸਟਿੰਗ ਕਰਵਾ ਕੇ ਉਨਾਂ ਨੂੰ ਮੱਛੀ ਪਾਲਣ ਅਧੀਨ ਲਿਆਂਦਾ ਜਾਵੇਗਾ।
ਉਨਾਂ ਕਿਹਾ ਕਿ ਇਸ ਨਾਲ ਜਿਥੇ ਪੰਚਾਇਤ ਨੂੰ ਆਮਦਨ ਹੋਵੇਗੀ, ਉਥੇ ਵਾਤਾਵਰਨ ਵੀ ਸਵੱਛ ਰਹੇਗਾ। ਇਸ ਤੋਂ ਇਲਾਵਾ ਜ਼ਿਲੇ ਵਿਚਲੇ ਪਿੰਡਾਂ ਦੀਆਂ ਨੀਵੀਆਂ, ਬੰਜਰ ਅਤੇ ਬੇਕਾਰ ਜ਼ਮੀਨਾਂ ਨੂੰ ਵੀ ਮੱਛੀ ਪਾਲਣ ਅਧੀਨ ਲਿਆਉਣ ਲਈ ਉਪਰਾਲੇ ਕੀਤੇ ਜਾਣਗੇ। ਉਨਾਂ ਕਿਹਾ ਕਿ ਮੱਛੀ ਤਾਲਾਬ ਬਣਾਉਣ ਅਤੇ ਹੋਰਨਾਂ ਸਹਾਇਕ ਧੰਦਿਆਂ ਲਈ ਸਰਕਾਰ ਵੱਲੋਂ ਭਾਰੀ ਸਬਸਿਡੀ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਫੁੱਲਾਂ ਅਧੀਨ ਰਕਬਾ ਵਧਾਇਆ ਜਾਵੇਗਾ ਅਤੇ ਇਨਾਂ ਦੇ ਮੰਡੀਕਰਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਸ. ਕੰਵਲਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜ਼ਿਲੇ ਵਿਚ 2019-20 ਦੌਰਾਨ ਤੇਲ ਬੀਜਾਂ ਅਧੀਨ 700 ਹੈਕਟੇਅਰ, ਮਟਰਾਂ ਅਧੀਨ 500 ਹੈਕਟੇਅਰ, ਮਸਰਾਂ ਅਧੀਨ 20 ਹੈਕਟੇਅਰ ਅਤੇ ਛੋਲਿਆਂ ਅਧੀਨ 30 ਹੈਕਟੇਅਰ ਰਕਬਾ ਲਿਆਂਦਾ ਗਿਆ ਹੈ।
ਸੰਬੰਧਿਤ ਖ਼ਬਰਾਂ
ਉਨਾਂ ਇਹ ਵੀ ਦੱਸਿਆ ਕਿ ਜ਼ਿਲ੍ਰੇ ਵਿਚ ਖੇਤੀਬਾੜੀ ਵਿਭਾਗ ਵੱਲੋਂ ਜ਼ਿਮੀਂਦਾਰਾਂ ਨੂੰ 3050 ਕੁਇੰਟਲ ਕਣਕ ਦਾ ਬੀਜ਼ (1000 ਰੁਪਏ ਪ੍ਰਤੀ ਕੁਇੰਟਲ) ਸਬਸਿਡੀ ’ਤੇ ਦੇਣ ਤੋਂ ਇਲਾਵਾ ਮੂੰਗੀ ਦੀਆਂ 63 ਮਿੰਨੀ ਕਿੱਟਾਂ ਵੰਡੀਆਂ ਗਈਆਂ ਹਨ। ਉਨਾਂ ਇਹ ਵੀ ਦੱਸਿਆ ਕਿ ਹਾੜੀ 2019-20 ਦੌਰਾਨ ਬਲਾਕ ਸੁਲਤਾਨਪੁਰ ਲੋਧੀ ਵੱਲੋਂ ਹੜ ਪੀੜਤ ਕਿਸਾਨਾਂ ਨੂੰ 6434 ਕੁਇੰਟਲ ਕਣਕ ਦਾ ਬੀਜ ਮੁਫ਼ਤ ਵੰਡਿਆ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਸਾਇਲ ਹੈਲਥ ਕਾਰਡ ਸਕੀਮ ਤਹਿਤ ਗਿ੍ਰਡ ਸਿਸਟਮ ਰਾਹੀਂ ਮਿੱਟੀ ਦੇ 12100 ਸੈਂਪਲ ਇਕੱਤਰ ਕੀਤੇ ਗਏ ਹਨ। ਉਨਾਂ ਦੱਸਿਆ ਕਿ ਭੌਂ ਪਰਖ ਲੈਬ ਸਮਰਾਲਾ ਵੱਲੋਂ ਬਲਾਕ ਨਡਾਲਾ ਦੇ 71 ਪਿੰਡਾਂ ਵਿਚ ਜਿਪਸਮ ਦੀ ਘਾਟ ਦਿਖਾਈ ਗਈ ਹੈ, ਇਸ ਲਈ ਇਨਾਂ ਪਿੰਡਾਂ ਵਿਚ 50 ਫੀਸਦੀ ਸਬਸਿਡੀ ’ਤੇ ਜਿਪਸਮ ਦਿੱਤੀ ਜਾ ਰਹੀ ਹੈ।
ਇਸੇ ਤਰਾਂ ਕੁਆਲਟੀ ਕੰਟਰੋਲ ਤਹਿਤ ਖਾਦਾਂ ਦੇ 81, ਦਵਾਈਆਂ ਦੇ 75 ਅਤੇ ਬੀਜਾਂ ਦੇ 168 ਸੈਂਪਲ ਲਏ ਗਏ ਹਨ। ਇਸ ਮੌਕੇ ਐਕਸੀਅਨ ਡਰੇਨੇਜ ਸ. ਅਜੀਤ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਪਰਦੀਪ ਕੁਮਾਰ ਗੋਇਲ ਤੇ ਸਹਾਇਕ ਡਾਇਰੈਕਟਰ ਡਾ. ਦਵਿੰਦਰ ਆਨੰਦ, ਖੇਤੀਬਾੜੀ ਅਫ਼ਸਰ ਸ੍ਰੀ ਅਸ਼ਵਨੀ ਕੁਮਾਰ, ਇੰਜ: ਜਗਦੀਸ਼ ਸਿੰਘ, ਮੈਡਮ ਮਨਪ੍ਰੀਤ ਕੌਰ, ਭੂਮੀ ਤੇ ਪਾਣੀ ਰੱਖਿਆ ਅਫ਼ਸਰ ਸ. ਮਨਪ੍ਰੀਤ ਸਿੰਘ, ਡੇਅਰੀ ਕਾਰਜਕਾਰੀ ਅਫ਼ਸਰ ਸ. ਕਪਲਮੀਤ ਸਿੰਘ ਸੰਧੂ, ਮੱਛੀ ਪਸਾਰ ਅਫ਼ਸਰ ਸ. ਦਲਜੀਤ ਸਿੰਘ, ਪ੍ਰੋ. ਅਮਿਤ ਸਲਾਰੀਆ, ਸ੍ਰੀ ਜਤਿੰਦਰ ਕੁਮਾਰ, ਸ. ਦਵਿੰਦਰ ਪਾਲ ਸਿੰਘ ਆਹੂਜਾ, ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਕਮੇਟੀ ਨਾਲ ਸਬੰਧਤ ਗੈਰ ਸਰਕਾਰੀ ਮੈਂਬਰ ਹਾਜ਼ਰ ਸਨ।






