ਚੰਡੀਗੜ (ਇੰਦਰਜੀਤ ਸਿੰਘ) : ਪੰਜਾਬ ਦੇ ਮੱਧਮ, ਲਘੂ ਅਤੇ ਸੂਖਮ ਉਦਯੋਗ ਨੂੰ ਵਿਸ਼ਵ ਪੱੱਧਰ 'ਤੇ ਉਭਾਰਨ ਲਈ ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸੁਰੱਖਿਆ ਦੀ ਵੱਡੀ ਗਲਤੀ ਸਾਹਮਣੇ ਆਈ ਹੈ। ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੰਟਰਵਿਊ ਦੇ ਰਹੇ ਸਨ। ਇਸ ਦੌਰਾਨ ਸੁਰੱਖਿਆ ਦਾ ਮਜ਼ਾਕ ਉਡਾਉਂਦੇ ਹੋਏ ਅਚਾਨਕ ਕਾਲੀ ਜੈਕਟ ਵਾਲਾ ਨੌਜਵਾਨ ਉਨ੍ਹਾਂ ਸਾਹਮਣੇ ਆ ਟਪਕਿਆ। ਕਾਲੀ ਜੈਕਟ ਵਾਲੇ ਨੌਜਵਾਨ ਨੂੰ ਫੜਨ ਲਈ ਸੁਰੱਖਿਆ ਦਸਤਾ ਦੌੜਿਆ ਪਰ ਸੀਐੱਮ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਰੋਕ ਦਿੱਤਾ।ਨੌਜਵਾਨ ਲੰਬੇ ਸਮੇਂ ਤੋਂ ਮੁੱਖ ਮੰਤਰੀ ਕੋਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਅਦ ਵਿਚ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨੌਜਵਾਨ ਨੂੰ ਲੈ ਗਏ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੀ ਗੱਲ ਨੂੰ ਸੀਐੱਮ ਨੂੰ ਕਹਿਣਾ ਚਾਹੁੰਦਾ ਸੀ। ਉਸ ਦਾ ਕਹਿਣਾ ਸੀ ਕਿ ਉਸ ਦੀ ਦੁਕਾਨ 'ਤੇ ਕਬਜ਼ਾ ਹੋ ਗਿਆ ਹੈ। ਉਹ ਇਨਸਾਫ਼ ਮੰਗ ਰਿਹਾ ਸੀ। ਮੁੱਖ ਮੰਤਰੀ ਨੇ ਨੌਜਵਾਨ ਨੂੰ ਛੱਡਣ ਲਈ ਕਹਿ ਦਿੱਤਾ ਹੈ।ਕਾਨਫਰੰਸ ਵਿਚ ਦੇਸ਼ ਵਿਦੇਸ਼ ਤੋਂ ਕਾਰੋਬਾਰੀ ਪਹੁੰਚੇ ਹਨ। ਇਸ ਤੋਂ ਪਹਿਲਾਂ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਹੀਰੋ ਸਾਈਕਲ ਦੇ ਚੇਅਰਮੈਨ ਪੰਕਜ ਮੁੰਜਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਈ ਬਾਈਕ ਦੇਸ਼ ਹੀ ਨਹੀਂ ਪੂਰੀ ਦੁਨੀਆ ਵਿਚ ਗ੍ਰੋਥ ਵਾਲਾ ਬਾਜ਼ਾਰ ਹੈ। ਉਨ੍ਹਾਂ ਕਿਹਾ ਕਿ ਅੱਜ ਸਾਈਕਲ ਚਾਲਕਾਂ ਨੂੰ ਇਕ ਸੁਰੱਖਿਅਤ ਰਾਹ ਮੁਹੱਈਆ ਕਰਵਾਉਣ ਦੀ ਲੋੜ ਹੈ। ਮੁੰਜਾਲ ਨੇ ਕਿਹਾ ਕਿ ਲਾਡੋਵਾਲ ਵਿਚ ਬਣਨ ਵਾਲੀ ਸਾਈਕਲ ਵੈਲੀ ਵਿਚ ਦੁਨੀਆ ਦੀ 10 ਫੀਸਦ ਸਾਈਕਲ ਦਾ ਉਤਪਾਦਨ ਹੋਵੇਗਾ।
ਸੰਬੰਧਿਤ ਖ਼ਬਰਾਂ
ਮੰਜਾਲ ਨੇ ਕਿਹਾ ਕਿ ਬਾਜ਼ਾਰ ਵਿਚ ਕੁਝ ਦਿੱਕਤਾਂ ਹਨ ਪਰ ਸੰਭਾਵਨਾਵਾਂ ਬਹੁਤ ਹਨ। ਨਿਵੇਸ਼ਕ ਸੰਮੇਲਨ ਦਾ ਥੀਮ ਤੇਜ਼ ਗਤੀ ਨਾਲ ਵਿਕਾਸ ਲਈ ਰੂਪ ਰੇਖਾ ਕਰਨਾ ਹੈ। ਦੋ ਰੋਜ਼ਾ ਕਾਨਫਰੰਸ ਵਿਚ ਪੰਜਾਬ ਲਈ ਸਭ ਤੋਂ ਵੱਡੀ ਚੁਣੌਤੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨਾ ਅਤੇ ਸੂਬਿਆਂ ਦੇ ਐਮਐਸਐਮਈ ਸੈਕਟਰ ਨੂੰ ਵਿਸ਼ਵ ਪੱਧਰ 'ਤੇ ਪਛਾਣ ਦੇਣ ਲਈ ਪਲੇਟਫਾਰਮ ਤਿਆਰ ਕਰਨਾ ਹੈ।ਸਰਕਾਰ ਨਿਵੇਸ਼ ਨੂੰ ਲੈ ਕੇ ਆਪਣੀ ਸੋਚ ਨੂੰ ਵੀ ਧਰਾਤਲ 'ਤੇ ਲੈ ਕੇ ਆਈ ਹੈ। ਪਹਿਲੇ ਨਿਵੇਸ਼ ਸੰਮੇਲਨ ਵਿਚ ਐਮਓਯੂ ਨੂੰ ਤਵੱਜੋ ਦਿੱਤੀ ਜਾਂਦੀ ਸੀ।
ਇਸ ਵਾਰ ਸਰਕਾਰ ਐਮਓਯੂ ਸਾਈਨ ਨਹੀਂ ਕਰੇਗੀ। ਪੰਜਾਬ ਸਰਕਾਰ ਹੁਣ ਮਲਟੀ ਨੈਸ਼ਨਲ ਕੰਪਨੀਆਂ ਨੂੰ ਆਕਰਸ਼ਿਤ ਕਰਨ ਤੋਂ ਇਲਾਵਾ ਸੂਬੇ ਦੀ ਇੰਡਸਟਰੀ ਲਈ 'ਲਿੰਕ ਨੂੰ ਵਿਕਸਿਤ' ਕਰਨ 'ਤੇ ਜ਼ੋਰ ਦੇਵੇਗੀ।ਨਿਵੇਸ਼ ਪੰਜਾਬ ਦੀ ਐਡੀਸ਼ਨਲ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਪੰਜਾਬ ਵਿਚ ਨਿਵੇਸ਼ ਸਮਰਥਕ ਮਾਹੌਲ ਬਣਾਉਣ ਦੇ ਨਾਲ ਨਾਲ ਭਵਿੱਖ ਵਿਚ ਹਿੱਸੇਦਾਰੀ ਲਈ ਮੌਕੇ ਉਪਲਬਧ ਹੋਣਗੇ। ਇਹ ਕਾਨਫਰੰਸ ਵਿਸ਼ਵ ਪੱਧਰ ਦੇ ਉਦਯੋਗਿਕ ਦਿਗੱਜਾਂ, ਉਦਯੋਗਪਤੀਆਂ ਅਤੇ ਮਾਹਰਾਂ ਨੂੰ ਮੌਜੂਦਾ ਦੌਰ ਵਿਚ ਪੈਦਾ ਹੋਈਆਂ ਉਦਯੋਗਿਕ ਲੋੜਾਂ ਦੇ ਹੱਲ ਲਈ ਮੰਚ ਮੁਹੱਈਆ ਕਰਵਾ ਰਿਹਾ ਹੈ।






