ਅੰਮ੍ਰਿਤਸਰ (ਇੰਦਰਜੀਤ ਸਿੰਘ) : ਪਿਆਜ਼ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਦਰਮਿਆਨ ਆਈਸੀਪੀ ਅਟਾਰੀ ਤੋਂ ਪਿਆਜ਼ ਦੇ ਭਰੇ ਟਰੱਕ ਵਾਪਸ ਮੋੜੇ ਜਾ ਰਹੇ ਹਨ। ਅਸਲ 'ਚ ਪਿਆਜ਼ ਨਾਲ ਇੰਟੀਗ੍ਰੇਟੇਡ ਚੈੱਕ ਪੋਸਟ ਦਾ ਗੁਦਾਮ ਭਰ ਚੁੱਕਾ ਹੈ। ਸੋਮਵਾਰ ਨੂੰ ਪਿਆਜ਼ ਦੇ 10 ਟਰੱਕ ਤੇ ਸੁੱਕੇ ਮੇਵਿਆਂ ਦੇ ਸੱਤ ਟਰੱਕਾਂ ਨੂੰ ਬਿਨਾਂ ਅਨਲੋਡ ਕੀਤੇ ਵਾਪਸ ਵਾਹਗਾ ਭੇਜਣਾ ਪਿਆ।ਵਾਹਗਾ-ਅਟਾਰੀ ਰਸਤੇ ਰੋਜ਼ਾਨਾ ਪਿਆਜ਼ ਦੇ 70 ਟਰੱਕ ਅਤੇ ਡ੍ਰਾਈਫਰੂਟ ਦੇ 12 ਟਰੱਕ ਭਾਰਤ ਪੁੱਜ ਰਹੇ ਹਨ।
ਸੰਬੰਧਿਤ ਖ਼ਬਰਾਂ
ਇਸ ਤਰ੍ਹਾਂ ਰੋਜ਼ਾਨਾ 2100 ਟਨ ਪਿਆਜ਼ ਤੇ 264 ਟਨ ਸੁੱਕੇ ਮੇਵੇ ਭਾਰਤ ਪੁੱਜਦੇ ਹਨ। ਪਿਆਜ਼ ਦੇ ਇਕ ਟਰੱਕ 'ਚ 30 ਟਨ, ਜਦਕਿ ਸੁੱਕੇ ਮੇਵਿਆਂ ਦੇ ਟਰੱਕ 'ਚ ਔਸਤ 22 ਟਨ ਮਾਲ ਆਉਂਦਾ ਹੈ। ਪਿਛਲੇ ਪੰਦਰਾਂ ਦਿਨਾਂ 'ਚ ਅਫ਼ਗਾਨਿਸਤਾਨ ਤੋਂ ਪਿਆਜ਼ ਦੇ ਭਰੇ 425 ਟਰੱਕ, ਜਦਕਿ ਡ੍ਰਾਈਫਰੂਟ ਦੇ 168 ਟਰੱਕ ਭਾਰਤ ਪੁੱਜੇ ਹਨ। ਇਸ ਤਰ੍ਹਾਂ 12 ਹਜ਼ਾਰ 750 ਟਨ ਪਿਆਜ਼ ਤੇ 3 ਹਜ਼ਾਰ 696 ਟਨ ਸੁੱਕੇ ਮੇਵੇ ਆਈਸੀਪੀ 'ਤੇ ਪੁੱਜੇ। ਹਾਲਾਂਕਿ ਜਿਨ੍ਹਾਂ ਟਰੱਕਾਂ ਨੂੰ ਵਾਪਸ ਵਾਹਗਾ ਮੋੜਿਆ ਜਾ ਰਿਹਾ ਹੈ, ਉਹ ਅਗਲੇ ਦਿਨ ਫਿਰ ਅਨਲੋਡਿੰਗ ਲਈ ਆਈਸੀਪੀ 'ਤੇ ਆਉਂਦੇ ਹਨ।
ਡ੍ਰਾਈਫਰੂਟ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਦੱਸਿਆ ਕਿ ਦਿੱਲੀ ਲਈ ਗੱਡੀਆਂ ਦਾ ਬੰਦੋਬਸਤ ਨਹੀਂ ਹੋ ਰਿਹਾ, ਜਿਸ ਕਾਰਨ ਦਿੱਲੀ ਦੇ ਵਪਾਰੀ ਪਿਆਜ਼ ਤੇ ਸੁੱਕੇ ਮੇਵੇ ਸਮੇਂ ਸਿਰ ਨਹੀਂ ਚੁੱਕ ਰਹੇ। ਇੰਪੋਰਟ ਸਾਮਾਨ ਬਹੁਤ ਕੀਮਤੀ ਹੁੰਦਾ ਹੈ, ਇਸ ਲਈ ਉਸ ਨੂੰ ਸ਼ੈੱਡ ਦੇ ਅੰਦਰ ਹੀ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਈਸੀਪੀ 'ਤੇ ਤਾਇਨਾਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਓਨੀਆਂ ਹੀ ਗੱਡੀਆਂ ਵਾਹਗਾ ਤੋਂ ਇਧਰ ਮੰਗਵਾਉਣ, ਜਿੰਨਾ ਮਾਲ ਗੁਦਾਮ 'ਚ ਰੱਖਿਆ ਜਾ ਸਕੇ।






