ਕਪੂਰਥਲਾ : ਜ਼ਿਲੇ ਵਿਚ ਡੀ. ਆਰ. ਆਈ ਸਕੀਮ ਤਹਿਤ ਲੋੜਵੰਦ ਵਿਕਅਤੀਆਂ ਨੂੰ ਬੈਂਕਾਂ ਰਾਹੀਂ ਰਿਕਸ਼ੇ ਮੁਹੱਈਆ ਕਰਵਾ ਕੇ ਉਨਾਂ ਨੂੰ ਰਿਕਸ਼ਿਆਂ ਦਾ ਮਾਲਕ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਅੱਜ ਅਧਿਕਾਰੀਆਂ, ਬੈਂਕਾਂ, ਰਿਕਸ਼ਾ ਤੇ ਮਜ਼ਦੂਰ ਯੂਨੀਅਨਾਂ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨਾਂ ਕਿਹਾ ਕਿ 'ਰਿਕਸ਼ਾ ਚਾਲਕ, ਬਣੇ ਰਿਕਸ਼ਾ ਮਾਲਕ' ਨਾਂਅ ਤਹਿਤ ਇਸ ਯੋਜਨਾ ਦੀ ਸ਼ੁਰੂਆਤ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਕੀਤੀ ਜਾਵੇਗੀ ਅਤੇ ਜ਼ਿਲਾ ਅਤੇ ਸਬ-ਡਵੀਜ਼ਨ ਪੱਧਰੀ ਸਮਾਗਮਾਂ ਵਿਚ 500 ਦੇ ਕਰੀਬ ਲਾਭਪਾਤਰੀਆਂ ਨੂੰ ਰਿਕਸ਼ਿਆਂ ਦੀ ਵੰਡ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਡੀ. ਆਰ. ਆਈ ਸਕੀਮ ਤਹਿਤ ਛੋਟੇ-ਮੋਟੇ ਕੰਮ-ਧੰਦੇ ਕਰਨ ਵਾਲਿਆਂ ਨੂੰ 4 ਫੀਸਦੀ ਸਾਲਾਨਾ ਵਿਆਜ਼ 'ਤੇ 15 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ, ਜੋ ਕਿ 10 ਰੁਪਏ ਦਿਹਾੜੀ ਜਾਂ 300 ਰੁਪਏ ਮਹੀਨਾ ਦੇ ਹਿਸਾਬ ਨਾਲ ਚੁਕਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਸਕੀਮ ਤਹਿਤ ਰਿਕਸ਼ੇ ਹਾਸਲ ਕਰਨ ਵਾਲੇ 5 ਸਾਲਾਂ ਵਿਚ ਰਿਕਸ਼ੇ ਦੇ ਮਾਲਕ ਬਣ ਸਕਦੇ ਹਨ।
ਸੰਬੰਧਿਤ ਖ਼ਬਰਾਂ
ਡਿਪਟੀ ਕਮਿਸ਼ਨਰ ਨੇ ਇਸ ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਅਗਵਾਈ ਹੇਠ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਚੀਫ ਐਲ. ਡੀ. ਐਮ ਅਤੇ ਭਾਰਤੀ ਸਟੇਟ ਬੈਂਕ ਦੇ ਨੁਮਾਇੰਦੇ ਨੂੰ ਮੈਂਬਰ ਲਿਆ ਗਿਆ ਹੈ। ਉਨਾਂ ਸਮੂਹ ਬੀ. ਡੀ. ਪੀ. ਓਜ਼ ਅਤੇ ਈ. ਓਜ਼ ਨੂੰ ਹਦਾਇਤ ਕੀਤੀ ਕਿ ਉਹ ਦੋ ਦਿਨਾਂ ਅੰਦਰ ਬੈਂਕ ਬ੍ਰਾਂਚ ਵਾਈਜ਼ ਲੋੜਵੰਦ ਵਿਅਕਤੀਆਂ ਦੀਆਂ ਸੂਚੀਆਂ ਮੁਹੱਈਆ ਕਰਵਾਉਣ, ਤਾਂ ਜੋ ਸਬ-ਡਵੀਜ਼ਨ ਪੱਧਰ 'ਤੇ ਕੈਂਪ ਲਗਾ ਕੇ ਉਨਾਂ ਨੂੰ ਇਸ ਸਕੀਮ ਦਾ ਲਾਭ ਦਿਵਾਇਆ ਜਾ ਸਕੇ। ਉਨਾਂ ਕਿਹਾ ਕਿ 23 ਜੁਲਾਈ ਤੋਂ ਜ਼ਿਲੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿਚ ਇਸ ਸਬੰਧੀ ਕੈਂਪ ਲਗਾਏ ਜਾਣਗੇ।
ਉਨਾਂ ਕਿਹਾ ਕਿ ਇਸ ਸਕੀਮ ਤਹਿਤ ਲੋੜਵੰਦਾਂ ਨੂੰ ਸਵਾਰੀ ਰਿਕਸ਼ੇ, ਰਿਕਸ਼ਾ ਠੇਲਾ ਅਤੇ ਰੇਹੜੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਇਸ ਤੋਂ ਬਾਅਦ ਪੇਂਡੂ ਖੇਤਰ ਦੇ ਲੋਕਾਂ ਨੂੰ ਵੀ ਛੋਟੇ-ਮੋਟੇ ਕੰਮ-ਧੰਦੇ ਖੋਲਣ ਲਈ ਇਸ ਯੋਜਨਾ ਤਹਿਤ ਲਿਆਂਦਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸ. ਡੀ. ਐਮ ਭੁਲੱਥ ਸ. ਸਕੱਤਰ ਸਿੰਘ ਬੱਲ, ਸਹਾਇਕ ਕਮਿਸ਼ਨਰ ਨਗਰ ਨਿਗਮ ਫਗਵਾੜਾ ਸ. ਸੁਰਜੀਤ ਸਿੰਘ, ਚੀਫ ਐਲ. ਡੀ. ਐਮ ਸ੍ਰੀ ਦਰਸ਼ਨ ਲਾਲ ਭੱਲਾ, ਡਾਇਰੈਕਟਰ ਆਰ. ਸੇਟੀ ਸ੍ਰੀ ਪਰਮਜੀਤ ਸਿੰਘ, ਜ਼ਿਲਾ ਰੁਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ, ਸ੍ਰੀ ਸਾਹਿਲ ਓਬਰਾਏ, ਸ. ਦਵਿੰਦਰ ਪਾਲ ਸਿੰਘ ਆਹੂਜਾ, ਸ੍ਰੀ ਅਸ਼ਵਨੀ ਕੁਮਾਰ ਸ਼ਾਰਦਾ, ਸ. ਬਲਵਿੰਦਰ ਸਿੰਘ ਨਾਗੀ ਤੋਂ ਇਲਾਵਾ ਸਮੂਹ ਈ. ਓਜ਼ ਅਤੇ ਬੀ. ਡੀ. ਪੀ. ਓਜ਼ ਹਾਜ਼ਰ ਸਨ।






