ਚੰਡੀਗੜ : ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਪਿਛਲੇ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਦੀ ਪੂਰਤੀ ਲਈ ਸ਼ੁੱਕਰਵਾਰ ਨੂੰ ਰੋਡਵੇਜ਼ ਦੇ ਸਮੂਹ 18 ਡਿਪੂਆਂ ਅੱਗੇ ਗੇਟ ਰੈਲੀ ਕੀਤੀ। ਰੋਡਵੇਜ਼, ਪਨਬਸ ਕਾਮਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ 2 ਤੋਂ ਚਾਰ ਜੁਲਾਈ ਤੱਕ ਤਿੰਨ ਦਿਨ ਤੱਕ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਅਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਾਰ-ਵਾਰ ਮੀਟਿੰਗਾਂ ਕਰ ਕੇ ਡੰਗ ਟਪਾਇਆ ਜਾ ਰਿਹਾ ਹੈ। ਜਦਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਕਰਜ਼ਾ ਮੁਕਤ ਪਨਬੱਸ ਬੱਸਾਂ ਨੂੰ ਸਮੇਤ ਸਟਾਫ ਰੋਡਵੇਜ ਵਿਚ ਸ਼ਾਮਲ ਕਰਨ, ਤਨਖਾਹ ਵਧਾਉਣ ਸਮੇਤ ਹੋਰਨਾਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ।
ਸੰਬੰਧਿਤ ਖ਼ਬਰਾਂ
ਉਨ੍ਹਾਂ ਕਿਹਾ ਕਿ 21 ਜੂਨ ਨੂੰ ਟਰਾਂਸਪੋਰਟ ਮੰਤਰੀ ਨੇ ਮੀਟਿੰਗ ਦੌਰਾਨ ਮੰਗਾਂ ਨੂੰ ਜਾਇਜ਼ ਦੱਸਦਿਆਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਪੂਰਾ ਵੇਰਵਾ ਬਣਾਉਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਵੀਰਵਾਰ ਨੂੰ ਡਾਇਰੈਕਟਰ ਟਰਾਂਸਪੋਰਟ ਨਾਲ ਮੀਟਿੰਗ ਕੀਤੀ ਤਾਂ ਫਿਰ ਭਰੋਸਾ ਮਿਲਿਆ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਦੇ ਅਧਿਕਾਰੀਆਂ ਦੀ ਪ੍ਰਾਈਵੇਟ ਬੱਸ ਮਾਲਕਾਂ ਨਾਲ ਮਿਲੀਭੁਗਤ ਹੈ, ਜਿਸ ਕਰ ਕੇ ਅਧਿਕਾਰੀ ਹੜਤਾਲ ਕਰਵਾਉਣ ਦੇ ਮੂਡ ਵਿਚ ਹਨ। ਯੂਨੀਅਨ ਦੇ ਜਨਰਲ ਸਕੱਤਰ ਕਮਲਜੀਤ ਸਿੰਘ ਮਾਨੋਚਾਹਲ ਦਾ ਕਹਿਣਾ ਹੈ ਕਿ ਅਧਿਕਾਰੀ ਪਨਬਸ ਵਰਕਰਾਂ 'ਤੇ ਨਵਾਂ ਠੇਕੇਦਾਰ ਥੋਪਣਾ ਚਾਹੁੰਦੇ ਹਨ।
ਗਿੱਲ ਨੇ ਕਿਹਾ ਕਿ ਪਹਿਲਾਂ ਗੈਰ ਹਾਜ਼ਰੀ ਦੇ 525 ਰੁਪਏ ਕੱਟਿਆ ਜਾਂਦਾ ਸੀ ਤੇ ਹੁਣ 1500 ਰੁਪਏ ਕੱਟੇ ਜਾਣ ਦੀ ਯੋਜਨਾ ਹੈ। ਇਸ ਤਰ੍ਹਾਂ ਮਸ਼ੀਨ ਖਰਾਬ ਹੋਣ ਦਾ ਦਸ ਹਜ਼ਾਰ ਰੁਪਏ ਕੱਟਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਮੰਨ ਚੁੱਕੇ ਹਨ ਕਿ ਸਰਕਾਰ ਨੇ ਤਨਖਾਹ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਉਨ੍ਹਾਂ ਦੀ ਤਨਖਾਹ ਨਹੀਂ ਵਧਾਈ ਜਾ ਰਹੀ।






