ਲੁਧਿਆਣਾ : ਟਰੇਨ ਆਉਣ ਦੇ ਸਮੇਂ ਟਰੈਕ 'ਤੇ ਪੰਜ ਨੌਜਵਾਨ ਖਤਰਨਾਕ ਸੰਟਟ ਕਰਨ 'ਚ ਜੁੱਟ ਜਾਂਦੇ ਹਨ। ਆਰਪੀਐੱਫ ਨੇ ਗਿਲ ਨਹਿਰ 'ਤੇ ਰੇਲ ਟਰੈਕ ਤੋਂ ਕੁਝ ਨੌਜਵਾਨ ਦੀ ਨਹਿਰ 'ਚ ਛਾਲ ਲਗਾਉਣ ਦੀ ਫੋਟੋ ਦੇਖਣ ਤੋਂ ਬਾਅਦ ਮੌਕੇ 'ਤੇ ਦਬਿਸ਼ ਦਿੱਤੀ ਤੇ ਬੁੱਧਵਾਰ ਨੂੰ ਪੰਜ ਨੌਜਵਾਨ ਨੂੰ ਕਾਬੂ ਕੀਤਾ। ਇਹ ਸਾਰੇ ਨੌਜਵਾਨ ਆਪਣੀ ਜਾਨ ਖ਼ਤਰੇ 'ਚ ਪਾ ਕੇ ਸਟੰਟਬਾਜ਼ੀ ਕਰ ਰਹੇ ਸਨ। ਆਰਪੀਐੱਫ ਟੀਮ ਨੇ ਦੇਖਿਆ ਕਿ ਸਟੰਟਬਾਜ਼ੀ ਨਹਿਰ ਦੇ ਉੱਪਰ ਰੇਲਵੇ ਲਾਈਨ 'ਤੇ ਖੜ੍ਹੇ ਹੁੰਦੇ ਹਨ ਤੇ ਟਰੇਨ ਦਾ ਇੰਤਜ਼ਾਰ ਕਰਦੇ ਹਨ, ਜਦੋਂ ਟਰੇਨ ਆਉਂਦੀ ਹੈ ਤਾਂ ਤੇਜ਼ ਰਫ਼ਤਾਰ ਨਾਲ ਗੁਜ਼ਰਦੀ ਟਰੇਨ ਨੂੰ ਹੱਥ ਲਗਾਉਣ ਤੋਂ ਬਾਅਦ ਛਾਲ ਲਗਾ ਕੇ ਨਹਿਰ 'ਚ ਛਾਲ ਮਾਰ ਦਿੰਦੇ ਹਨ।
ਸੰਬੰਧਿਤ ਖ਼ਬਰਾਂ
ਪੋਸਟ ਕੰਮਾਂਡਰ ਅਨਿਲ ਕੁਮਾਰ ਨੇ ਇਸ ਖ਼ਤਰਨਾਕ ਖੇਡ ਖੇਡਣ ਵਾਲਿਆਂ 'ਤੇ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਅਨਿਲ ਕੁਮਾਰ ਨੇ ਦੱਸਿਆ ਕਿ ਮੌਕੇ 'ਤੇ ਜਾ ਕੇ ਲੋਕਾਂ ਨੂੰ ਸਮਝਾਇਆ ਵੀ ਗਿਆ ਕਿ ਅਜਿਹਾ ਨਾ ਕਰੋ। ਇਸ ਤਰ੍ਹਾਂ ਦਾ ਸਟੰਟ ਕਰਨਾ ਬਹੁਤ ਖ਼ਤਰਨਾਕ ਹੈ, ਤੁਸੀਂ ਟਰੇਨ ਦੀ ਲਪੇਟ 'ਚ ਆ ਜਾਵੋਗੇ ਤੇ ਜ਼ਖ਼ਮੀ ਹੋਣ ਨਾਲ ਮੌਤ ਵੀ ਹੋ ਸਕਦੀ ਹੈ। ਨੇੜੇ-ਤੇੜੇ ਦੇ ਏਰੀਆ 'ਚ ਰਹਿਣ ਵਾਲੇ ਨਿਵਾਸੀਆਂ ਨੂੰ ਚਿਤਾਵਨੀ ਦਿੰਦਿਆਂ ਜਾਗਰੂਕ ਕਰਦਿਆਂ ਕਿਹਾ ਕਿ ਅਜਿਹਾ ਨਾ ਕਰੋ।
ਤੁਸੀਂ ਬੱਚਿਆਂ ਨੂੰ ਖ਼ਤਰਨਾਕ ਖੇਡ ਨਾ ਖੇਡਣ ਦਿਓ। ਜਿਨ੍ਹਾਂ ਮੁਲਜ਼ਮਾਂ 'ਤੇ ਕੇਸ ਦਰਜ ਕਰ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ 'ਚੋਂ ਹਰਪ੍ਰੀਤ ਸਿੰਘ, ਦੀਪਕ ਸਿੰਘ, ਗੁਡੂ, ਅਲੀਮ, ਜੇਹਰੀਬ ਸ਼ਾਮਲ ਹਨ।ਫੜੇ ਗਏ ਸਾਰੇ ਨੌਜਵਾਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹ ਖਤਰਿਆਂ ਭਰਿਆ ਸਟੰਟ ਕਿਉਂ ਕਰਦੇ ਹੋ, ਤਾਂ ਇਨ੍ਹਾਂ ਨੇ ਦੱਸਿਆ ਕਿ ਇਹ ਸਾਡਾ ਖੇਡ-ਖੇਡ 'ਚ ਸ਼ਰਤ ਲਗਾ ਕੇ ਤੇ ਆਪਣੀ ਬਹਾਦੁਰੀ ਦਿਖਾਉਣ ਲ਼ਈ ਤੇ ਆਪਣੇ ਯਾਰਾਂ-ਦੋਸਤਾਂ 'ਚ ਜ਼ੋਸ ਕਾਇਮ ਰੱਖਣ ਲਈ ਕਰਦੇ ਹਾਂ। ਇਸ ਸਬੰਧੀ ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਸੁਰੱਖਿਆ ਕਮਿਸ਼ਨਰ ਆਸ਼ੀਸ਼ ਕੁਮਾਰ ਨੇ ਕਿਹਾ ਕਿ ਅਜਿਹੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।






