ਐੱਸਏਐੱਸ ਨਗਰ : ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰਾਂ ਦੀ ਕਤਾਰ 'ਚ ਵਾਧਾ ਹੋ ਰਿਹਾ ਹੈ। ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂੰ ਨੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਾਗਰਸ ਪਾਰਟੀ ਤੋਂ ਹਾਰੀਆਂ ਹੋਈਆਂ ਦੋ ਸੀਟਾਂ 'ਚੋਂ ਸਹਿਜਧਾਰੀ ਸਿੱਖ ਪਾਰਟੀ ਲਈ ਇਕ ਟਿਕਟਾਂ ਦੀ ਮੰਗ ਕੀਤੀ ਸੀ ਪਰ ਅਜਿਹਾ ਨਹੀਂ ਹੋ ਸਕਿਆ ਜਿਸ ਤੋਂ ਬਾਅਦ ਉਨ੍ਹਾਂ ਚੋਣ ਲੜਨ ਦਾ ਐਲਾਨ ਕੀਤਾ ਹੈ। ਇਥੇ ਮੋਹਾਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਰਾਣੂੰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਮੋਹਾਲੀ 'ਚ ਹੋਮਿਓਪੈਥੀ ਪੱਧਤੀ ਨਾਲ ਨਾਲ ਮਰੀਜ਼ਾਂ ਦਾ ਇਲਾਜ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਇਲਾਕੇ 'ਚ ਕਈ ਸਮਾਜ ਸੇਵੀ ਸੰਸਥਾਵਾਂ ਨੇ ਉਨ੍ਹਾਂ ਨੂੰ ਹਮਾਇਤ ਦਾ ਐਲਾਨ ਕੀਤਾ ਹੈ।
ਸੰਬੰਧਿਤ ਖ਼ਬਰਾਂ
ਇਸ ਤੋਂ ਇਲਾਵਾ ਇਲਾਕੇ ਵਿਚ ਵੱਡੀ ਗਿਣਤੀ 'ਚ ਉਨ੍ਹਾਂ ਨਾਲ ਜੁੜੇ ਲੋਕ ਸਮਰਥਨ ਲਈ ਹਾਂ ਦਾ ਨਾਅਰਾ ਮਾਰ ਚੁੱਕੇ ਹਨ। ਦੱਸਣਾ ਬਣਦਾ ਹੈ ਕਿ ਪਰਮਜੀਤ ਸਿੰਘ ਰਾਣੂੰ ਜਿਨ੍ਹਾਂ ਨੇ ਸਹਿਜਧਾਰੀਆਂ ਦੀਆਂ ਵੋਟਾਂ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਨਾਲ ਅਦਾਲਤੀ ਲੜਾਈ ਲੜ ਰਹੇ ਹਨ ਇਸ ਲਈ ਵੱਡੀ ਗਿਣਤੀ ਵਿਚ ਉਹ ਸਾਹਿਜਧਾਰੀ ਜਿਹੜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਵੋਟ ਪਾਉਣ ਦੀ ਜੱਦੋ-ਜਹਿਦ ਵਿਚ ਹਨ ਡਾ. ਰਾਣੂੰ ਨਾਲ ਅੰਦਰਖਾਤੇ ਬੈਠਕਾਂ ਕਰ ਰਹੇ ਹਨ। ਡਾ. ਰਾਣੂੰ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਨਾਲ ਸਬੰਧਤ 10 ਹਜ਼ਾਰ ਤੋਂ ਜ਼ਿਆਦਾ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰ ਨਿੱਜੀ ਤੌਰ ’ਤੇ ਸੰਪਰਕ 'ਚ ਹਨ, ਜਦਕਿ 5 ਹਜ਼ਾਰ ਤੋਂ ਜ਼ਿਆਦਾ ਡਾਕਟਰਾਂ ਦੀ ਟੀਮ ਉਨ੍ਹਾਂ ਨੂੰ ਚੋਣਾਂ 'ਚ ਮੱਦਦ ਕਰੇਗੀ।
ਸੱਤਾ ਦੇ ਗਲਿਆਰਿਆਂ 'ਚ ਚਰਚਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਬਾਗੀ ਉਮੀਦਵਾਰ ਡਾ. ਰਾਣੂੰ ਦੇ ਸੰਪਰਕ ਵਿਚ ਆਉਣ ਲੱਗ ਪਏ ਹਨ। ਡਾ. ਰਾਣੂੰ ਜੋ ਕਿ ਹੋਮਿਓਪੈਥੀ ਕੌਂਸਲ ਪੰਜਾਬ ਦੇ ਚੇਅਰਮੈਨ ਰਹਿ ਚੁੱਕੇ ਹਨ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਮੋਹਾਲੀ ਉਨ੍ਹਾਂ ਦੀ ਕਰਮ ਭੂਮੀ ਤੇ ਖਰੜ ਵਿਖੇ ਉਨ੍ਹਾਂ ਦੀ ਰਹਾਇਸ਼ ਹੈ ਜਿਥੇ ਉਹ ਰੈਜ਼ੀਡੈਂਟ ਵੈੱਲਫ਼ੇਅਰ ਐਸੋਸੀਏਸ਼ਨ ਦੇ ਪੈਟਰਨ ਹਨ। ਇਹੀ ਨਹੀ ਉਹ ਦੁਕਾਨਦਾਰ ਵੈੱਲਫ਼ੇਅਰ ਐਸੋਸੀਏਸ਼ਨ ਦੇ ਵੀ ਸਰਪ੍ਰਸਤ ਹਨ, ਜਿਸ ਨਾਲ ਦੁਕਾਨਦਾਰ ਉਨ੍ਹਾਂ ਨੂੰ ਮੱਦਦ ਕਰਨਗੇ।






