ਸ੍ਰੀ ਅਨੰਦਪੁਰ ਸਾਹਿਬ : ਕਾਰ ਸੇਵਾ ਮੁਖੀ ਸੰਤ ਬਾਬਾ ਲਾਭ ਸਿੰਘ ਜੀ ਨੂੰ ਅੱਜ ਹੰਝੂਆਂ ਭਰੀ ਵਿਦਾਇਗੀ ਦਿੱਤੀ ਗਈ। ਐਤਵਾਰ ਤੜਕਸਾਰ ਅਕਾਲ ਚਲਾਣਾ ਕਰ ਗਏ ਬਾਬਾ ਜੀ ਦੇ ਮ੍ਰਿਤਕ ਸਰੀਰ ਨੂੰ ਕਿਲਾ ਅਨੰਦਗੜ੍ਹ ਸਾਹਿਬ ਦੇ ਦੀਵਾਨ ਹਾਲ ਵਿਖੇ ਰੱਖਿਆ ਗਿਆ ਸੀ ਜਿਥੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨੇ ਅੰਤਿਮ ਦਰਸ਼ਨ ਕੀਤੇ। ਅੱਜ ਸਵੇਰੇ ਗੁਰਬਾਣੀ ਕੀਰਤਨ ਅਤੇ ਸਤਿਨਾਮ ਵਾਹਿਗੁਰੂ ਦੇ ਜਾਪ ਕਰਦਿਆਂ ਗੱਡੀ ਵਿਚ ਬਾਬਾ ਜੀ ਦੇ ਮ੍ਰਿਤਕ ਸਰੀਰ ਨੂੰ ਸਜਾਇਆ ਗਿਆ।ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਵੱਲੋਂ ਅਰਦਾਸ ਕਰਕੇ ਜੈਕਾਰਿਆਂ ਦੀ ਗੂੰਜ 'ਚ ਅੰਤਿਮ ਯਾਤਰਾ ਕਿਲ ਅਨੰਦਗੜ੍ਹ ਸਾਹਿਬ ਤੋਂ ਰਵਾਨਾ ਹੋਈ, ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਨਮਸਕਾਰ ਕਰਕੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਨੂੰ ਰਵਾਨਾ ਹੋਈ।
ਸੰਬੰਧਿਤ ਖ਼ਬਰਾਂ
ਇਸ ਅੰਤਿਮ ਯਾਤਰਾ ਦੇ ਨਾਲ ਹਜ਼ਾਰਾਂ ਸੰਗਤਾਂ ਨਮ ਅੱਖਾਂ ਨਾਲ ਤੁਰ ਰਹੀਆਂ ਸਨ। ਕਾਰਾਂ, ਗੱਡੀਆਂ, ਮੋਟਰਸਾਈਕਲਾਂ ਆਦਿ 'ਤੇ ਸੰਗਤ ਦਾ ਭਾਰੀ ਇਕੱਠ ਅਤਿੰਮ ਸੰਸਕਾਰ ਲਈ ਰਵਾਨਾ ਹੋਇਆ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਵਲੋਂ ਸੰਗਤ ਨੂੰ ਜ਼ਾਬਤੇ ਵਿਚ ਰਹਿ ਕੇ ਸੋਗਮਈ ਮਾਹੌਲ ਵਿਚ ਰਹਿਣ ਦੀ ਅਪੀਲ ਕੀਤੀ ਗਈ। ਇਸ ਮੌਕੇ ਹਿਮਾਚਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ. ਸੁਰਿੰਦਰ ਸਿੰਘ, ਮੈਨੇਜਰ ਜਸਵੀਰ ਸਿੰਘ, ਬਾਬਾ ਹਰਭਜਨ ਸਿੰਘ ਭਲਵਾਨ, ਬਾਬਾ ਜੀ ਦੇ ਪੋਤੇ ਭਾਈ ਸੁਖਜੀਤ ਸਿੰਘ, ਜਥੇਦਾਰ ਸੰਤੋਖ ਸਿੰਘ, ਮਾਤਾ ਗੁਰਚਰਨ ਕੌਰ, ਬੀਬੀ ਕੁਲਵਿੰਦਰ ਕੌਰ, ਬਾਬਾ ਅਵਤਾਰ ਸਿੰਘ ਟਿੱਬੀ ਵਾਲੇ, ਨਿਹੰਗ ਸਿੰਘ ਜਥੇਬੰਦੀਆਂ, ਇਸਤਰੀ ਸਭਾਵਾਂ, ਸਮਾਜ ਸੇਵੀ ਸੰਸਥਾਵਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਬਾਬਾ ਲਾਭ ਸਿੰਘ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਹੋਣ ਲਈ ਸ਼ਹਿਰ ਦੇ ਬਹੁ ਗਿਣਤੀ ਸਕੂਲ ਬੰਦ ਰਹੇ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਸਮੁੱਚੇ ਬਾਜ਼ਾਰ ਦੁਪਹਿਰ ਸਮੇ ਤੱਕ ਬੰਦ ਰੱਖੇ ਗਏ ਤਾਂ ਜੋ ਦੁਕਾਨਦਾਰ ਵੀ ਇਸ ਅਤਿੰਮ ਯਾਤਰਾ ਵਿਚ ਹਾਜ਼ਰੀ ਭਰ ਸਕਣ।ਬਾਬਾ ਜੀ ਦੇ ਪੋਤੇ ਭਾਈ ਸੁਖਜੀਤ ਸਿੰਘ ਨੇ ਦੱਸਿਆ ਕਿ 6 ਅਗਸਤ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭੋਗ ਮੌਕੇ ਧਾਰਮਿਕ, ਰਾਜਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਪਹੁੰਚਣਗੇ।






