ਸੁਲਤਾਨਪੁਰ ਲੋਧੀ : ਵਾਤਾਵਰਣ ਪ੍ਰਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਉਜੈਨ ਵਿਚ 21ਵੇਂ ਕ੍ਰਾਂਤੀਵੀਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਿਪਰਾ ਨਦੀ ਦੇ ਕੰਢੇ 'ਤੇ ਸ਼ਾਮਦਤ ਅਖਾੜਾ ਘਾਟ ਵਿਖੇ ਹੋਏ ਸਮਾਗਮ ਦੌਰਾਨ ਇਹ ਸਨਮਾਨ ਸਮਾਗਮ ਕੀਤਾ ਗਿਆ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਸ਼ੁੱਧ ਹਵਾ ਅਤੇ ਸ਼ੁੱਧ ਪਾਣੀ ਸਾਡਾ ਮੌਲਿਕ ਅਧਿਕਾਰ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਮੁਹੱਈਆ ਕਰਵਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ। ਪੜ੍ਹੇ ਲਿਖੇ ਲੋਕਾਂ ਦਾ ਚੁੱਪ ਬੈਠਣਾ ਮੰਦਭਾਗਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਨਦੀਆਂ 'ਤੇ ਚੱਲ ਰਹੇ ਪ੍ਰਰਾਜੈਕਟਾਂ ਵਿਚ ਪੈਸਾ ਸਹੀ ਦਿਸ਼ਾ ਵਿਚ ਨਹੀਂ ਲੱਗ ਰਿਹਾ। ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਥਾਂ ਉਨ੍ਹਾਂ ਦੇ ਕਿਨਾਰਿਆਂ ਨੂੰ ਸੁੰਦਰ ਬਣਾਉਣਾ ਜਾਂ ਵੱਡੀ ਪੱਧਰ 'ਤੇ ਘਾਟਾਂ 'ਤੇ ਪੈਸੇ ਖਰਚਣ ਨਾਲ ਨਦੀਆਂ ਸਾਫ਼ ਨਹੀਂ ਹੋ ਸਕਦੀਆਂ।
ਸੰਬੰਧਿਤ ਖ਼ਬਰਾਂ
ਸਭ ਤੋਂ ਪਹਿਲਾਂ ਇਨ੍ਹਾਂ ਵਿਚ ਪੈ ਰਹੀ ਗੰਦਗੀ ਨੂੰ ਰੋਕਣ ਦਾ ਕੰਮ ਹੋਣਾ ਚਾਹੀਦਾ ਹੈ। ਉਜੈਨ ਵਿਚ ਲੱਗੇ ਕੁੰਭ ਦੇ ਮੇਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਦੋਂ ਵੀ ਸਿਪਰਾ ਨਦੀ ਵਿਚ ਸ਼ਹਿਰ ਦਾ ਗੰਦਾ ਪਾਣੀ ਬੇਰੋਕ-ਟੋਕ ਪੈ ਰਿਹਾ ਸੀ, ਜਿਹੜਾ ਕਿ ਹਾਲੇ ਵੀ ਲਗਾਤਾਰ ਜਾਰੀ ਹੈ। ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਦਾ ਜ਼ਿਕਰ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਸੰਗਤ ਨੇ ਇਸ ਵਿਚ ਪੈ ਰਹੇ ਗੰਦੇ ਪਾਣੀ ਨੂੰ ਰੋਕ ਇਸਦੇ ਪਾਣੀ ਨੂੰ ਨਿਰਮਲ ਬਣਾਇਆ ਹੈ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਗੰਦੇ ਪਾਣੀਆਂ ਨੂੰ ਸੋਧ ਕੇ ਖੇਤੀ ਨੂੰ ਵਰਤੋਂ ਯੋਗ ਬਣਾਇਆ ਹੈ। ਇਸ ਮੌਕੇ ਸਾਬਕਾ ਮੰਤਰੀ ਆਰਐੱਸ ਜੈਨ, ਮਨੋਹਰ ਬਿਰਾਗੀ, ਸੁਰਿੰਦਰ ਸਿੰਘ ਅਰੋੜਾ, ਵਾਲਮਿਕ ਧਾਮ ਦੇ ਸੰਤ ਉਮੇਸ਼ ਨਾਥ ਮਹਾਰਾਜ, ਵਾਤਾਵਰਣ ਪ੍ਰਰੇਮੀ ਰਾਜੀਵ ਪਾਹਵਾ, ਸੇਵਾਧਾਮ ਆਸ਼ਰਮ ਦੇ ਸੰਸਥਾਪਕ ਸੁਧੀਰਭਾਈ ਗੋਇਲ ਅਤੇ ਗੁਰਵਿੰਦਰ ਸਿੰਘ ਬੋਪਾਰਾਏ ਸਮੇਤ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।






