ਕਪੂਰਥਲਾ : ਜ਼ਿਲੇ ਵਿਚ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਤਾਇਨਾਤ ਕੀਤੇ ਜਾਣ ਵਾਲੇ ਪੋਲਿੰਗ ਅਮਲੇ ਦੀ ਅੱਜ ਦੂਜੀ ਰੈਂਡੇਮਾਈਜ਼ੇਸ਼ਨ ਹੋਈ, ਜਿਸ ਦੌਰਾਨ ਪੋਲਿੰਗ ਪਾਰਟੀਆਂ ਬਣਾਈਆਂ ਗਈਆਂ। ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਇੰਜ. ਡੀ. ਪੀ. ਐਸ ਖਰਬੰਦਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਵੀਡੀਓ ਕਾਨਫਰੰਸ ਹਾਲ ਵਿੱਚ ਹੋਈ ਇਸ ਰੈਂਡੇਮਾਈਜ਼ੇਸ਼ਨ ਮੌਕੇ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਲਗਾਏ ਗਏ ਜਨਰਲ ਅਬਜ਼ਰਵਰ ਸ੍ਰੀ ਵਿਸ਼ਾਲ ਸੋਲੰਕੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਸੰਬੰਧਿਤ ਖ਼ਬਰਾਂ
ਇਸ ਮੌਕੇ ਡਿਪਟੀ ਕਮਿਸ਼ਨਰ ਇੰਜ. ਖਰਬੰਦਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਾਂਤਮਈ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਸੁਚਾਰੂ ਪ੍ਰਬੰਧ ਯਕੀਨੀ ਬਣਾਏ ਜਾਣਗੇ ਅਤੇ ਜ਼ਿਲੇ ਦੇ ਸਾਰੇ ਪੋਲਿੰਗ ਬੂਥਾਂ 'ਤੇ ਸਾਰੇ ਢੁਕਵੇਂ ਇੰਤਜ਼ਾਮ ਕੀਤੇ ਜਾਣਗੇ। ਉਨਾਂ ਦੱਸਿਆ ਕਿ ਜ਼ਿਲੇ ਦੇ ਸਾਰੇ 768 ਬੂਥਾਂ 'ਤੇ 3500 ਤੋਂ ਵੱਧ ਪੋਲਿੰਗ ਸਟਾਫ ਤਾਇਨਾਤ ਕੀਤਾ ਜਾ ਰਿਹਾ ਹੈ, ਜਿਨਾਂ ਵਿਚ ਪੀ. ਆਰ. ਓ, ਏ. ਪੀ. ਆਰ. ਓ ਅਤੇ ਪੋਲਿੰਗ ਅਫ਼ਸਰ ਸ਼ਾਮਿਲ ਹਨ। ਉਨਾਂ ਦੱਸਿਆ ਕਿ ਹਰੇਕ ਬੂਥ 'ਤੇ ਇਕ ਪੀ. ਆਰ. ਓ, ਇਕ ਏ. ਪੀ. ਆਰ. ਓ ਅਤੇ ਦੋ ਪੋਲਿੰਗ ਅਫ਼ਸਰ ਤਾਇਨਾਤ ਕੀਤੇ ਜਾਣਗੇ। ਉਨਾਂ ਦੱਸਿਆ ਕਿ 5 ਅਤੇ 11 ਮਈ ਨੂੰ ਪੋਲਿੰਗ ਸਟਾਫ ਦੀਆਂ ਰਿਹਰਸਲਾਂ ਕਰਵਾਈਆਂ ਜਾਣਗੀਆਂ।
ਇਸ ਮੌਕੇ ਐਸ. ਐਸ. ਪੀ. ਸ੍ਰੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਸੁਲਤਾਨਪੁਰ ਲੋਧੀ ਸ੍ਰੀਮਤੀ ਨਵਨੀਤ ਕੌਰ ਬੱਲ, ਚੋਣ ਤਹਿਸੀਲਦਾਰ ਸ੍ਰੀਮਤੀ ਮਨਜੀਤ ਕੌਰ, ਜ਼ਿਲਾ ਇਨਫਾਰਮੈਟਿਕ ਅਫ਼ਸਰ ਸ੍ਰੀ ਸੰਜੀਵ ਗਾਬਾ, ਏ. ਪੀ. ਆਰ. ਓ ਸ. ਹਰਦੇਵ ਸਿੰਘ ਆਸੀ, ਸ੍ਰੀ ਸਾਹਿਲ ਓਬਰਾਏ ਤੇ ਹੋਰ ਹਾਜ਼ਰ ਸਨ।






