ਕਪੂਰਥਲ : ਬਾਲ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਸੁਖਾਵਾਂ ਮਾਹੌਲ ਸਿਰਜਣ ਦੇ ਮਕਸਦ ਨਾਲ ਅੱਜ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ 'ਬਚਪਨ ਬਚਾਓ ਅੰਦੋਲਨ' ਵੱਲੋਂ ਸਾਂਝੇ ਤੌਰ 'ਤੇ ਬਾਲ ਸੁਰੱਖਿਆ ਨਾਲ ਜੁੜੇ ਅਧਿਕਾਰੀਆਂ ਦੀ ਇਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਕਰਵਾਈ ਗਈ। ਸਥਾਨਕ ਯੋਜਨਾ ਭਵਨ ਵਿਖੇ ਕਰਵਾਈ ਇਸ ਵਰਕਸ਼ਾਪ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਉਨਾਂ ਹਾਜ਼ਰ ਇਸਤਰੀ ਤੇ ਬਾਲ ਵਿਕਾਸ, ਕਿਰਤ, ਸਿੱਖਿਆ, ਕਾਨੂੰਨੀ ਅਥਾਰਟੀ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਬਾਲ ਸੁਰੱਖਿਆ ਇਕ ਅਹਿਮ ਮੁੱਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੋਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਬਾਲ ਸੁਰੱਖਿਆ ਪ੍ਰਤੀ ਸੰਵੇਦਸ਼ੀਲ ਪਹੁੰਚ ਅਪਣਾਏ ਜਾਣ ਦੀ ਲੋੜ ਹੈ ਤਾਂ ਜੋ ਬੱਚਿਆਂ ਖਿਲਾਫ਼ ਅਪਰਾਧਾਂ ਵਿਚ ਕਮੀ ਲਿਆਂਦੀ ਜਾ ਸਕੇ। ਉਨਾਂ ਕਿਹਾ ਕਿ ਬਾਲ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਲਈ ਕਾਨੂੰਨ ਵਿਚ ਵਿਵਸਥਾਵਾਂ ਤਾਂ ਬਹੁਤ ਹਨ, ਪਰੰਤੂ ਸਿਰਫ਼ ਇਨਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਸਾਨੂੰ ਬੱਚਿਆਂ ਪ੍ਰਤੀ ਸਕਾਰਾਤਮਕ ਸੋਚ ਅਪਣਾਉਣੀ ਚਾਹੀਦੀ ਹੈ ਅਤੇ ਸਾਰੇ ਵਿਭਾਗਾਂ ਨੂੰ ਆਪਣੀ ਸੱਚੀ ਜਿੰਮੇਵਾਰੀ ਸਮਝਦਿਆਂ ਸਿਵਲ ਸੁਸਾਇਟੀ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਬੱਚਿਆਂ ਦੀ ਬਿਹਤਰੀ ਲਈ ਕਦਮ ਚੁੱਕਣੇ ਚਾਹੀਦੇ ਹਨ।
ਸੰਬੰਧਿਤ ਖ਼ਬਰਾਂ
ਇਸ ਮੌਕੇ 'ਬਚਪਨ ਬਚਾਓ ਅੰਦੋਲਨ' ਦੇ ਸਟੇਟ ਕੋਆਰਡੀਨੇਟਰ ਸ੍ਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਜੂਨ ਮਹੀਨੇ ਨੂੰ ਬਾਲ ਮਜ਼ਦੂਰੀ ਖਿਲਾਫ਼ 'ਕਾਰਵਾਈ ਮਹੀਨਾ' ਐਲਾਨਿਆ ਗਿਆ ਹੈ, ਜਿਸ ਦੌਰਾਨ ਵੱਧ ਤੋਂ ਵੱਧ ਬੱਚਿਆਂ ਨੂੰ ਛੁਡਵਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਤਹਿਤ ਪੁਲਿਸ ਵੱਲੋਂ ਬਾਲ ਮਜ਼ਦੂਰੀ ਕਰ ਰਹੇ ਬੱਚਿਆਂ ਦਾ ਆਪਣੇ ਤੌਰ 'ਤੇ ਸਰਵੇ ਕਰਕੇ ਅਤੇ ਉਨਾਂ ਨੂੰ ਛੁਡਵਾ ਕੇ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਸਬੰਧੀ ਜ਼ਿਲਾ ਕਪੂਰਥਲਾ ਦੇ ਸੀਨੀਅਰ ਪੁਲਿਸ ਕਪਤਾਨ ਵੱਲੋਂ ਜ਼ਿਲੇ ਦੇ ਸਮੂਹ ਪੁਲਿਸ ਅਧਿਕਾਰੀਆਂ ਨੂੰ ਪੱਤਰ ਵੀ ਜਾਰੀ ਕੀਤਾ ਗਿਆ ਹੈ।
ਇਸ ਮੌਕੇ ਮਾਸਟਰ ਟ੍ਰੇਨਰਾਂ ਮੈਡਮ ਸਵਾਤੀ ਝਾਅ, ਮੈਡਮ ਸ਼ਾਦਮਾ ਅਹਿਮਦ ਅਤੇ ਸ੍ਰੀ ਪ੍ਰੇਮ ਉਦੇ ਖਾਖਾ ਨੇ ਹਾਜ਼ਰ ਅਧਿਕਾਰੀਆਂ ਨੂੰ ਬਾਲ ਸੁਰੱਖਿਆ, ਬਾਲ ਮਜ਼ਦੂਰੀ ਅਤੇ ਜੁਵੇਨਾਈਲ ਜਸਟਿਸ ਦੇ ਵੱਖ-ਵੱਖ ਪਹਿਲੂਆਂ ਸਬੰਧੀ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ ਅਤੇ ਉਨਾਂ ਦੇ ਸ਼ੰਕਿਆਂ ਦਾ ਨਿਵਾਰਣ ਵੀ ਕੀਤਾ। ਉਨਾਂ ਕਿਹਾ ਕਿ ਬਾਲ ਮਜ਼ਦੂਰੀ ਜਾਂ ਬਾਲ ਸ਼ੋਸ਼ਣ ਸਬੰਧੀ ਕੋਈ ਵੀ ਸ਼ਿਕਾਇਤ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਜਾਂ ਪੁਲਿਸ ਨੂੰ ਦਿੱਤੀ ਜਾਵੇ। ਇਸ ਤੋਂ ਇਲਾਵਾ ਗੁੰਮ ਹੋਏ ਬੱਚਿਆਂ ਸਬੰਧੀ ਚਾਈਲਡ ਹੈਲਪ ਲਾਈਨ 1098 ਅਤੇ 'ਟਰੈਕ ਦ ਮਿਸਿੰਗ ਚਾਈਲਡ' ਐਪ ਦੀ ਸਹਾਇਤਾ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨਾਂ ਬੱਚਿਆਂ ਨਾਲ ਸਬੰਧਤ ਕਾਨੂੰਨਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਬਾਲ ਸੁਰੱਖਿਆ ਸਬੰਧੀ ਅਧਿਕਾਰੀਆਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ।
ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਇਨਾ ਕਪੂਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਸੀ. ਡੀ. ਪੀ. ਓ ਸ੍ਰੀਮਤੀ ਸਨੇਹ ਲਤਾ, ਪ੍ਰੋ. ਪ੍ਰੋਮਿਲਾ ਅਰੋੜਾ, ਸ੍ਰੀਮਤੀ ਰਣਜੀਤ ਕੌਰ, ਲੇਬਰ ਇੰਸਪੈਕਟਰ ਡਾ. ਪ੍ਰਦੀਪ ਚੌਧਰੀ, ਸ੍ਰੀ ਗਗਨਦੀਪ ਸਿੰਘ, ਸ. ਪਰਮਜੀਤ ਸਿੰਘ, ਸ੍ਰੀ ਰਾਜੇਸ਼ ਕੁਮਾਰ ਭਗਤ, ਸ. ਅਮਨਦੀਪ ਸਿੰਘ, ਸ. ਰਮਨਪ੍ਰੀਤ ਸਿੰਘ, ਮੈਡਮ ਪ੍ਰਿਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਹਾਜ਼ਰ ਸਨ।






