|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਸ਼੍ਰੋਮਣੀ ਕਮੇਟੀ ਨੇ ਸੁਖਬੀਰ ਦੇ ਇਸ਼ਾਰੇ 'ਤੇ ਗੁਰਪੁਰਬ ਸਮਾਗਮਾਂ ਸਬੰਧੀ ਟੈਂਡਰ ਅਯੋਗ ਕੰਪਨੀ ਨੂੰ ਅਲਾਟ ਕੀਤੇ

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ) : ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਤੇ ਵਿਧਾਇਕ ਪੱਟੀ ਸ. ਹਰਮਿੰਦਰ ਸਿੰਘ ਗਿੱਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਟੈਂਡਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਇਕ ਅਯੋਗ ਕੰਪਨੀ ਨੂੰ ਦੇਣ ਦਾ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ

NRI Post Desk · 2260 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ) : ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਤੇ ਵਿਧਾਇਕ ਪੱਟੀ ਸ. ਹਰਮਿੰਦਰ ਸਿੰਘ ਗਿੱਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਟੈਂਡਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਇਕ ਅਯੋਗ ਕੰਪਨੀ ਨੂੰ ਦੇਣ ਦਾ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਸੰਗਤ ਦੇ ਪੈਸੇ ਦੀ ਲੁੱਟ ਕਰਨ ਦੇ ਮਕਸਦ ਨਾਲ ਟੈਂਡਰ ਅਲਾਟ ਕੀਤਾ ਗਿਆ ਹੈ।ਸਥਾਨਕ ਪੀ. ਡਬਲਿਊ. ਡੀ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵਾਂ ਵਿਧਾਇਕਾਂ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਾਂਝੇ ਤੌਰ 'ਤੇ ਮਨਾਉਣ ਦੇ ਯਤਨਾਂ ਨੂੰ ਤਾਰਪੀਡੋ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਬਣਾਈ ਗਈ ਤਾਲਮੇਲ ਕਮੇਟੀ ਵੱਲੋਂ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਲਈ 17 ਸਤੰਬਰ ਦੀ ਮੀਟਿੰਗ ਰੱਖੀ ਗਈ ਸੀ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹੁਕਮ ਅਦੂਲੀ ਕਰਦਿਆਂ 13 ਸਤੰਬਰ ਨੂੰ ਹੀ ਟੈਂਡਰਾਂ ਦੀ ਮੰਗ ਕਰ ਲਈ ਗਈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਸ ਨੋਇਡਾ ਆਧਾਰਿਤ ਸ਼ੋਅ ਕ੍ਰਾਫਟ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ 9.26 ਕਰੋੜ ਦਾ ਟੈਂਡਰ ਦਿੱਤਾ ਗਿਆ ਹੈ, ਉਸ ਦਾ ਕੈਪੀਟਲ ਸ਼ੇਅਰ ਕੇਵਲ 5 ਲੱਖ ਰੁਪਏ ਹੈ ਅਤੇ ਉਸ ਕੋਲ ਕੇਵਲ 20 ਮੁਲਾਜ਼ਮ ਹੀ ਕੰਮ ਕਰ ਰਹੇ ਹਨ। ਉਨ੍ਹਾ ਸਵਾਲ ਉਠਾਇਆ ਕਿ ਵੱਡੇ ਪੱਧਰ 'ਤੇ ਹੋਣ ਵਾਲੇ ਸਮਾਗਮਾਂ ਨੂੰ ਇਹ ਕੰਪਨੀ ਕਿਸ ਤਰ੍ਹਾਂ ਨੇਪਰੇ ਚਾੜ੍ਹ ਸਕੇਗੀ, ਜਦਕਿ ਉਸ ਕੋਲ ਮਨੁੱਖੀ ਸਰੋਤ ਹੈ ਹੀ ਨਹੀਂ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਇਕ ਡਰੋਨ ਸ਼ੋਅ ਉੱਪਰ ਹੀ 1ਕਰੋੜ 75 ਲੱਖ ਦਾ ਟੈਂਡਰ ਜਾਰੀ ਕੀਤਾ ਗਿਆ ਹੈ, ਜੋ ਕਿ ਸੰਗਤ ਦੇ ਪੈਸੇ ਦੀ ਸਰਾਸਰ ਲੁੱਟ ਹੈ।ਉਨ੍ਹਾਂ ਇਕ ਹੋਰ ਖ਼ੁਲਾਸਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮਾਂ ਤੋਂ ਪਹਿਲਾਂ ਹੀ ਉਪਰੋਕਤ ਕੰਪਨੀ ਨੂੰ 50 ਫੀਸਦੀ ਰਕਮ, ਜੋ ਕਿ 4 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ, ਐਡਵਾਂਸ ਵਿਚ ਹੀ ਦੇ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਮਾਗਮਾਂ ਤੋਂ ਪਹਿਲਾਂ ਹੀ ਕੰਪਨੀ ਨੂੰ 90 ਫੀਸਦੀ ਅਦਾਇਗੀ ਕਰਨ ਦੀ ਸ਼ਰਤ ਨਾਲ ਸੰਗਤ ਦੇ ਪੈਸੇ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ।

ਦੋਵਾਂ ਵਿਧਾਇਕਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਸਿਆਸੀ ਆਕਾਵਾਂ ਦੇ ਕਹਿਣ 'ਤੇ ਅਨੇਕਾਂ ਅਜਿਹੀਆਂ ਫਰਮਾਂ ਦੇ ਟੈਂਡਰ ਰੱਦ ਕਰ ਦਿੱਤੇ ਗਏ, ਜੋ ਕਿ ਇਹ ਸਮਾਗਮ 2 ਕਰੋੜ ਰੁਪਏ ਵਿਚ ਹੀ ਕਰਨ ਨੂੰ ਤਿਆਰ ਸਨ।ਉਨ੍ਹਾਂ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਸਾਂਝੇ ਸਮਾਗਮਾਂ ਸਬੰਧੀ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਤਿੱਖਾ ਨੋਟਿਸ ਲੈਂਦਿਆਂ ਕਿਹਾ ਕਿ ਖ਼ਾਲਸਾ ਸਾਜਨਾ ਦੇ 300 ਸਾਲਾ ਦਿਵਸ ਮੌਕੇ 1999 ਵਿਚ ਸ੍ਰੀ ਅਨੰਦਰਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਸਟੇਜ ਤੋਂ ਮੁੱਖ ਸਮਾਗਮ ਹੋਏ ਸਨ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਕੇਵਲ ਧਾਰਮਿਕ ਸਟੇਜ ਲਗਾਈ ਗਈ ਸੀ। ਉਨ੍ਹਾਂ ਦੱਸਿਆ ਕਿ ਉਸ ਵੇਲੇ ਮਰਹੂਮ ਕੈਬਨਿਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ ਸੀ ਅਤੇ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਵੀ ਪੁੱਜੇ ਸਨ।

ਉਨ੍ਹਾਂ ਅਕਾਲੀ ਆਗੂਆਂ ਨੂੰ ਚੇਤੇ ਕਰਾਇਆ ਕਿ ਸਾਲ 2015 ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ 300 ਸਾਲਾ ਮੌਕੇ ਵੀ ਪੰਜਾਬ ਸਰਕਾਰ ਦੀ ਸਟੇਜ ਉੱਪਰ ਹੀ ਮੁੱਖ ਸਮਾਗਮ ਹੋਏ ਸਨ, ਜਿਸ ਦੌਰਾਨ ਸਟੇਜ ਦਾ ਸੰਚਾਲਨ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਅੰਮ੍ਰਿਤਸਰ ਦੀ ਇਕ ਫਰਮ ਨੂੰ 1 ਕਰੋੜ 86 ਲੱਖ ਰੁਪੈ ਦੀ ਅਦਾਇਗੀ ਵੀ ਕੀਤੀ ਗਈ ਸੀ।ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਉਹ ਸੰਗਤ ਦੇ ਪੈਸੇ ਦੀ ਲੁੱਟ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਟੈਂਡਰ 'ਤੇ ਤੁਰੰਤ ਰੋਕ ਲਾਉਣ ਦੇ ਹੁਕਮ ਦੇਣ ਅਤੇ ਇਸ ਪੈਸੇ ਦੀ ਵਰਤੋਂ ਸੁਲਤਾਨਪੁਰ ਲੋਧੀ ਵਿਖੇ ਸੰਗਤ ਦੀ ਸੇਵਾ ਲਈ ਨਾਮੀ ਹਸਪਤਾਲ ਖੋਲਣ 'ਤੇ ਕੀਤੀ ਜਾਵੇ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!