ਚੰਡੀਗੜ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਬੰਧੀ ਖਦਸ਼ਾ ਹਾਲੇ ਖ਼ਤਮ ਨਹੀਂ ਹੋਇਆ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿਦੰਰ ਸਿੰਘ ਬਾਜਵਾ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਿੱਧੂ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਜਾਂ ਤਾਂ ਮਹਿਕਮਾ ਸੰਭਾਲਣ ਜਾਂ ਫਿਰ ਅਸਤੀਫ਼ਾ ਦੇਣ। ਉਨ੍ਹਾਂ ਕਿਹਾ ਕਿ ਬਿਜਲੀ ਮਹਿਕਮਾ ਉਨ੍ਹਾਂ ਖ਼ੁਦ ਸੰਭਾਲਿਆ ਹੈ ਜੋ ਕਿ ਬਹੁਤ ਵਧੀਆ ਹੈ। ਉੱਥੇ ਸਿੱਧੂ ਦੇ ਕੰਮ ਕਰਨ ਲਈ ਬਹੁਤ ਕੁਝ ਹੈ। ਕਿਸਾਨਾਂ ਨੂੰ ਵੀ ਪਾਣੀ ਸਪਲਾਈ ਦੀ 24 ਘੰਟੇ ਜ਼ਰੂਰਤ ਹੈ ਜਿਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।
ਇਸ ਦੇ ਨਾਲ ਹੀ ਹੁਣ ਸਿੱਧੂ 'ਤੇ ਨਵੀਂ ਜੰਗ ਸ਼ੁਰੂ ਹੋ ਗਈ ਹੈ। ਭਾਜਪਾ ਨੇ ਸਿੱਧੂ ਵਲੋਂ ਵਿਭਾਗ ਬਦਲੇ ਜਾਣ ਤੋਂ ਬਾਅਦ ਕਰੀਬ ਇਕ ਮਹੀਨੇ ਬਾਅਦ ਵੀ ਕਾਰਜਭਾਰ ਨਾ ਸੰਭਾਲਣ 'ਤੇ ਵੱਡਾ ਸਵਾਲ ਉਠਾਇਆ ਹੈ। ਭਾਜਪਾ ਨੇ ਕਿਹਾ ਹੈ ਕਿ ਸਿੱਧੂ ਵਲੋਂ ਅਹੁਦਾ ਨਾ ਸੰਭਾਲਣ 'ਤੇ ਪੰਜਾਬ 'ਚ ਸੰਵਿਧਾਨਕ ਸੰਕਟ ਹੈ। ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਇਕ ਮੰਤਰੀ ਨੇ ਅਹੁਦਾ ਨਹੀਂ ਸੰਭਾਲਿਆ ਹੈ ਅਤੇ ਤਨਖ਼ਾਹ-ਭੱਤੇ ਲੈ ਰਿਹਾ ਹੈ। ਦੂਸਰੇ ਪਾਸੇ, ਕਾਂਗਰਸ ਵਲੋਂ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸੂਬੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਿੱਧੂ ਨੂੰ ਆਪਣਾ ਨਵਾਂ ਵਿਭਾਗ ਸੰਭਾਲਣ ਜਾਂ ਅਸਤੀਫ਼ਾ ਦੇਣ ਦੀ ਅਪੀਲ ਕੀਤੀ ਹੈ।
ਸੰਬੰਧਿਤ ਖ਼ਬਰਾਂ
ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਬੁੱਧਵਾਰ ਨੂੰ ਕਿਹਾ, 'ਨਵਜੋਤ ਸਿੰਘ ਸਿੱਧੂ ਦਾ ਮਾਮਲਾ ਬੇਹੱਦ ਗੰਭੀਰ ਹੈ। ਮੈਂ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਨੂੰ ਇਸ ਸਬੰਧੀ ਇਕ ਪੱਤਰ ਲਿਖਿਆ ਹੈ। ਪੰਜਾਬ 'ਚ ਅੱਜ ਸੰਵਿਧਾਨਕ ਸੰਕਟ ਹੈ। ਇਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਕਿ ਇਕ ਮੰਤਰੀ, ਜਿਸੇ ਅਹੁਦੇ ਦੀ ਸਹੁੰ ਚੁੱਕੀ ਹੈ, ਗ਼ੈਰ-ਹਾਜ਼ਰ ਹੈ। ਹਾਲਾਂਕਿ ਉਹ ਤਨਖ਼ਾਹ ਅਤੇ ਭੱਤਿਆਂ ਦਾ ਆਨੰਦ ਲੈ ਰਿਹਾ ਹੈ।
ਉਨ੍ਹਾਂ ਚਿੱਠੀ 'ਚ ਸਿੱਧੂ ਦੇ ਊਰਜਾ ਵਿਭਾਗ ਦਾ ਕਾਰਜਭਾਰ ਨਾ ਸੰਭਾਲਣ 'ਤੇ ਗੰਭੀਰ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰਸਿੰਘ ਵਲੋਂ ਵਿਭਾਗ ਬਦਲੇ ਜਾਣ ਮਗਰੋਂ ਸਿੱਧੂ ਦਾ ਕਾਰਜਭਾਰ ਨਾ ਸੰਭਾਲਣ ਨਾਲ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਹੈ। ਸਿੱਧੂ ਵਲੋਂ ਕਾਰਜਭਾਰ ਨਾ ਸੰਭਾਲਣ 'ਤੇ ਸੂਬੇ ਦੀ ਜਨਤਾ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।






