ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਨਲਾਈਨ ਖਰੀਦਦਾਰੀ ਨਾਲ ਸਬੰਧਤ ਵੈੱਬਸਾਈਟ ਜ਼ੈਜ਼ਲ ਡਾਟ ਕਾਮ ਵਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਦੇ ਡੀਜੀਪੀ ਨੂੰ ਇਕ ਪੱਤਰ ਲਿਖਿਆ ਹੈ। ਇਸ ਵੈੱਬਸਾਈਟ ਵਲੋਂ ਵੇਚਣ ਲਈ ਪਾਏ ਵੱਖ-ਵੱਖ ਤਰ੍ਹਾਂ ਦੇ ਸਮਾਨ 'ਤੇ ਗੁਰਮੁਖੀ ਅੱਖਰਾਂ ਨੂੰ ਛਾਪਿਆ ਗਿਆ ਹੈ। ਕੱਪੜਿਆਂ, ਟੋਪੀਆਂ, ਬੈਗਾਂ, ਚੱਪਲਾਂ ਤੇ ਮੋਬਾਇਲ ਕਵਰਾਂ ਆਦਿ 'ਤੇ ਗੁਰਮੁਖੀ ਅੱਖਰਾਂ ਦੇ ਨਾਲ-ਨਾਲ ਪਾਵਨ ਗੁਰਬਾਣੀ ਵਿਚੋਂ ੴ ਨੂੰ ਤੋੜ ਮਰੋੜ ਕੇ ਲਿਖਣ ਕਾਰਨ ਸਿੱਖ ਜਗਤ ਵਿਚ ਰੋਸ ਫੈਲਿਆ ਹੈ। ਵੈੱਬਸਾਈਟ ਦੀ ਇਸ ਹਰਕਤ ਦਾ ਸਖ਼ਤ ਨੋਟਿਸ ਲੈਂਦਿਆਂ ਭਾਈ ਲੌਂਗੋਵਾਲ ਨੇ ਜਿਥੇ ਇਸ ਦੀ ਸਖਤ ਨਿੰਦਾ ਕਰਦਿਆਂ ਸਬੰਧਤਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ। ਭਾਈ ਲੌਂਗੋਵਾਲ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕ ਜਾਣਬੁਝ ਕੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।
ਸੰਬੰਧਿਤ ਖ਼ਬਰਾਂ
ਅਜਿਹੇ ਲੋਕਾਂ ਖਿਲਾਫ਼ ਸਰਕਾਰਾਂ ਨੂੰ ਸਖ਼ਤ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਸਨ ਅਤੇ ਹੁਣ ਫਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਾਠ ਨੇ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਸਿੱਖ ਭਾਵਨਾਵਾਂ ਨੂੰ ਤਾਰ-ਤਾਰ ਕਰਨ ਵਾਲੀ ਵੈੱਬਸਾਈਟ ਖਿਲਾਫ਼ ਕਾਰਵਾਈ ਕਰਨ ਲਈ ਡੀਜੀਪੀ ਪੰਜਾਬ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੱਤਰ ਦਾ ਉਤਾਰਾ ਆਈਜੀ ਪੁਲਿਸ ਸਾਈਬਰ ਕਰਾਈਮ ਮੋਹਾਲੀ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਵੀ ਭੇਜਿਆ ਹੈ।
ਦੱਸਣਯੋਗ ਹੈ ਕਿ ਅਮਰੀਕਾ ਦੇ ਕੈਲੇਫੋਰਨੀਆ ਨਾਲ ਸਬੰਧਤ ਜ਼ੈਜ਼ਲ ਡਾਟਕਾਮ ਨਾਂ ਦੀ ਇਸ ਵੈੱਬਸਾਈਟ ਵਲੋਂ ਆਨਲਾਈਨ ਵਿਕਰੀ ਲਈ ਲਗਾਏ ਸਮਾਨ 'ਤੇ ਗੁਰਮੁਖੀ ਅੱਖਰਾਂ ਅਤੇ ਗੁਰਬਾਣੀ ਨਾਲ ਸਬੰਧਤ ਕੁਝ ਅੰਸ਼ਾਂ ਨੂੰ ਛਾਪਿਆ ਗਿਆ। ਇਸ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਸਾਂਝੀਆਂ ਕਰਕੇ ਸਿੱਖ ਸੰਗਤਾਂ ਵਲੋਂ ਭਰਵੀਂ ਨਿੰਦਾ ਕੀਤੀ ਜਾ ਰਹੀ ਹੈ। ਇਸ ਵੈੱਬਸਾਈਟ ਵਲੋਂ ਹੋਰਨਾਂ ਵੈੱਬਸਾਈਟਾਂ ਅਤੇ ਸ਼ੋਸ਼ਲ ਮੀਡੀਏ ਰਾਹੀਂ ਆਪਣੇ ਵਪਾਰ ਨੂੰ ਵਧਾਉਣ ਦੇ ਮਕਸਦ ਨਾਲ ਇਸ ਨੂੰ ਫੈਲਾਇਆ ਵੀ ਜਾ ਰਿਹਾ ਹੈ।






