ਕਪੂਰਥਲਾ (ਇੰਦਰਜੀਤ ਸਿੰਘ) : ਠੰਢ ਦੇ ਮੌਸਮ ਵਿਚ ਬੂਟਿਆਂ ਨੂੰ ਖਾਸ ਸਾਂਭ-ਸੰਭਾਲ ਦੀ ਲੋੜ ਹੁੰਦੀ ਹੈ, ਤਾਂ ਜੋ ਇਨਾਂ ਨੂੰ ਕੋਹਰੇ ਤੋਂ ਬਚਾਇਆ ਜਾ ਸਕੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਮਨਰੇਗਾ ਵਰਕਰਾਂ ਨੂੰ ਇਸ ਸਬੰਧੀ ਮੌਕੇ ’ਤੇ ਦਿੱਤੇ ਗਏ ਡੈਮੋ ਦੌਰਾਨ ਕੀਤਾ। ਕਪੂਰਥਲਾ-ਜਲੰਧਰ ਰੋਡ ’ਤੇ ਲਗਾਏ ਗਏ ਫੁੱਲਦਾਰ ਬੂਟਿਆਂ ਦਾ ਜਾਇਜ਼ਾ ਲੈਣ ਪਹੁੰਚੇ ਸ. ਭੁੱਲਰ ਨੇ ਮਨਰੇਗਾ ਵਰਕਰਾਂ ਨੂੰ ਬੂਟਿਆਂ ਦੀ ਕਾਂਟ-ਛਾਂਟ ਕਰਨ ਦੇ ਗੁਰ ਦੱਸੇ। ਉਨਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਪੂਰਥਲਾ ਨੂੰ ਜੋੜਨ ਵਾਲੀਆਂ ਸੜਕਾਂ ਦਾ ਸੁੰਦਰੀਕਰਨ ਕੀਤਾ ਗਿਆ ਹੈ, ਜਿਸ ਤਹਿਤ ਕਪੂਰਥਲਾ-ਜਲੰਧਰ ਮੁੱਖ ਸੜਕ ’ਤੇ ਵੀ 6 ਹਜ਼ਾਰ ਦੇ ਕਰੀਬ ਫੁੱਲਦਾਰ ਬੂਟੇ ਲਗਾਏ ਗਏ ਹਨ।
ਸੰਬੰਧਿਤ ਖ਼ਬਰਾਂ
ਉਨਾਂ ਕਿਹਾ ਕਿ ਇਨਾਂ ਦੇ ਵਾਧੇ ਨੂੰ ਲਗਾਤਾਰ ਜਾਰੀ ਰੱਖਣ ਲਈ ਇਨਾਂ ਦੀ ਠੀਕ ਢੰਗ ਨਾਲ ਕਾਂਟ-ਛਾਂਟ ਜ਼ਰੂਰੀ ਹੈ, ਜਿਸ ਲਈ ਮਨਰੇਗਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਉਨਾਂ ਕਿਹਾ ਕਿ ਬੂਟਿਆਂ ਦੀ ਕਾਂਟ-ਛਾਂਟ ਦਾ ਕੰਮ ਇਸੇ ਮਹੀਨੇ ਮੁਕੰਮਲ ਕਰ ਲਿਆ ਜਾਵੇਗਾ, ਤਾਂ ਜੋ ਇਨਾਂ ਨੂੰ ਫਰਵਰੀ ਵਿਚ ਪੈਣ ਵਾਲੇ ਕੋਹਰੇ ਤੋਂ ਬਚਾਇਆ ਜਾ ਸਕੇ। ਉਨਾਂ ਦੱਸਿਆ ਕਿ ਪਿੰਡਾਂ ਵਿਚ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਲਈ ਵੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਮੌਕੇ ਆਈ. ਟੀ ਮੈਨੇਜਰ ਸ੍ਰੀ ਰਾਜੇਸ਼ ਰਾਏ, ਏ. ਪੀ. ਓ ਮਨਰੇਗਾ ਸ੍ਰੀ ਵਿਸ਼ਾਲ ਅਰੋੜਾ, ਜੀ. ਆਰ. ਐਫ ਸ. ਸੁਰਜੀਤ ਸਿੰਘ ਭੱਟੀ ਤੇ ਹੋਰ ਹਾਜ਼ਰ ਸਨ।






