ਪਟਿਆਲਾ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲ਼ੋਂ ਅੱਜ ਪਟਿਆਲਾ ਵਿਖੇ ਡੀ.ਸੀ. ਦਫ਼ਤਰ ਸਾਹਮਣੇ ਪੰਜਾਬ ਦੇ ਸਮੂਹ ਸਰਕਾਰੀ ਵਿਭਾਗਾਂ ਵਿੱਚ ਇਨਲਿਸਟਮੈਂਟ, ਕੰਪਨੀਆਂ,ਵੱਖ-ਵੱਖ ਠੇਕੇਦਾਰਾਂ,ਸੋਸਾਇਟੀਆਂ, ਪ੍ਰੋਜੈਕਟਾਂ,ਜਿਲ੍ਹਾ ਪ੍ਰੀਸ਼ਦਾ, ਪੰਚਾਇਤੀ ਸਿਸਟਮ, ਮਾਣ ਭੱਤੇ,ਸਵੈ-ਰੁਜਗਾਰ ਆਦਿ ਰਾਹੀਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਕੱਚੇ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ, ਭੱਤਿਆਂ,ਪੈਨਸ਼ਰੀ ਲਾਭਾਂ ਸਮੇਤ ਉਹਨਾਂ ਦੇ ਪਿੱਤਰੀ ਵਿਭਾਗਾਂ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਕੀਤੀ ਗਈ ਸੂਬਾ ਪੱਧਰੀ ਰੈਲੀ ਜਿਸ ਵਿੱਚ ਸਮੂਹ ਵਿਭਾਗਾਂ ਦੇ ਕੱਚੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਕਾਫ਼ਲੇ ਬੰਨ੍ਹਕੇ ਸ਼ਾਮਿਲ ਹੋਏ ਮੋਰਚੇ ਦੇ ਸੂਬਾ ਆਗੂਆਂ ਕੁਲਦੀਪ ਸਿੰਘ ਬੁਢੇਵਾਲ,ਜਗਰੂਪ ਸਿੰਘ ਲਹਿਰਾ,ਭਗਤ ਸਿੰਘ ਭਗਤਾ,ਗੁਰਵਿੰਦਰ ਸਿੰਘ ਪੰਨੂੰ,ਬਲਿਹਾਰ ਸਿੰਘ,ਸ਼ੇਰ ਸਿੰਘ ਖੰਨਾ, ਬੱਗਾ ਸਿੰਘ,ਜਸਪ੍ਰੀਤ ਸਿੰਘ,ਸੇਵਕ ਸਿੰਘ ਦੰਦੀਵਾਲ,ਹਰਜੀਤ ਸਿੰਘ ਜੀਦਾ,ਡਾ. ਅਮ੍ਰਿਤਪਾਲ ਸਿੰਘ, ਮਨਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲ਼ੋਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਕੀਤੇ ਵਾਅਦਿਆਂ ਤੋਂ ਭੱਜਦਿਆਂ ਸਮੂਹ ਸਰਕਾਰੀ ਵਿਭਾਗਾਂ ਦੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਤੋਂ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਹੈ|
ਸੰਬੰਧਿਤ ਖ਼ਬਰਾਂ
ਮੋਰਚੇ ਦੇ ਸੂਬਾ ਆਗੂਆਂ ਨੇ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪਿਛਲੇ ਸਮੇਂ ਦੌਰਾਨ ਲਗਾਤਾਰ ਕੀਤੇ ਸੰਘਰਸ਼ਾਂ ਦੇ ਦਬਾਅ ਦੀ ਬਦੌਲਤ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ "ਦੀ ਪੰਜਾਬ ਐਡਹਾਕ,ਕੰਟਰੈਕਟ, ਡੇਲੀਵੇਜ,ਟੈਪਰੇਰੀ, ਵਰਕਚਾਰਜ ਅਤੇ ਆਉਟਸੋਰਸਿੰਗ ਇੰਪਲਾਈਜ਼ ਵੈਲਫੇਅਰ ਐਕਟ 2016" ਬਣਾਇਆ ਗਿਆ ਸੀ ਪਰ ਮੌਜੂਦਾ ਕੈਪਟਨ ਸਰਕਾਰ "ਵੈੱਲਫੇਅਰ ਐਕਟ 2016" ਨੂੰ ਲਾਗੂ ਕਰਨ ਤੋਂ ਟਾਲਾ ਵੱਟ ਰਹੀ ਹੈ ਅਤੇ ਨਾ ਹੀ ਐਕਟ ਤੋ ਬਾਹਰ ਰਹਿ ਗਈਆਂ ਕੈਟਾਗਰੀਆ ਜਿਵੇਂ ਇਨਲਿਸਟਮੈਂਟ, ਵੱਖ-ਵੱਖ ਠੇਕੇਦਾਰਾਂ, ਪ੍ਰੋਜੈਕਟਾਂ,ਜਿਲ੍ਹਾ ਪ੍ਰੀਸ਼ਦ, ਪੰਚਾਇਤੀ ਸਿਸਟਮ, ਮਾਣ ਭੱਤਾ,ਸਵੈ ਰੁਜਗਾਰ ਆਦਿ ਨੂੰ ਐਕਟ ਵਿੱਚ ਸਾਮਿਲ ਕੀਤਾ ਗਿਆ ਹੈ|
ਮੋਰਚੇ ਦੇ ਸੂਬਾ ਆਗੂਆਂ ਨੇ ਕੈਪਟਨ ਸਰਕਾਰ ਤੇ ਦੋਸ਼ ਲਾਉਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਮੁਨਾਫ਼ੇ ਦੇਣ ਦੀ ਨੀਅਤ ਨਾਲ ਲੋਕ ਹਿੱਤਾਂ ਸਬੰਧਿਤ ਸਮੂਹ ਸਰਕਾਰੀ ਵਿਭਾਗਾਂ ਦਾ ਪੰਚਾਇਤੀ ਕਰਨ ਅਤੇ ਨਿੱਜੀਕਰਨ ਦੀ ਕੀਤਾ ਜਾ ਰਿਹਾ ਹੈ ਜਿਸ ਨਾਲ ਆਮ ਲੋਕਾਂ ਨੂੰ ਮਿਲ ਰਹੀਆਂ ਸਸਤੀਆਂ ਸਰਕਾਰੀ ਸੇਵਾਵਾਂ ਦੇ ਖਾਤਮੇ ਦੇ ਨਾਲ ਨਾਲ ਆਉਣ ਵਾਲੀਆਂ ਪੀੜ੍ਹੀਆਂ ਤੋਂ ਪੱਕੇ ਰੁਜਗਾਰ ਦੇ ਸੋਮੇ ਵੀ ਖੋਹੇ ਜਾ ਰਹੇ ਹਨ ਅਤੇ ਮੋਰਚੇ ਦੇ ਆਗੂਆਂ ਨੇ ਪੰਜਾਬ ਦੀਆਂ ਸਮੂਹ ਠੇਕਾ ਮੁਲਾਜ਼ਮ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਮੂਹ ਕੱਚੇ ਮੁਲਾਜ਼ਮਾਂ ਨੂੰ ਇੱਕ ਮੰਚ ਤੇ ਇਕੱਠੇ ਹੋਕੇ ਪੱਕੇ ਰੁਜ਼ਗਾਰ ਲਈ ਸੰਘਰਸ਼ ਕਰਨ ਦੀ ਲੋੜ ਹੈ। ਸਮੂਹ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪੀ.ਡਬਲਯੂ.ਡੀ. ਇਲੈੱਕਟਰੀਕਲ ਵਿਭਾਗ ਦੇ 130 ਅਪਰੇਟਰਾਂ ਅਤੇ ਹੈਲਪਰਾਂ ਨੂੰ ਨੌਕਰਿਓਂ ਫਾਰਗ ਕਰਨ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ।






