ਸੁਲਤਾਨਪੁਰ ਲੋਧੀ : ਭਾਵੇਂ ਭਾਰਤ ਆਜ਼ਾਦ ਹੋਏ ਨੂੰ 70 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਪੰਜਾਬ ਦੇ ਬਹੁਤ ਹੀ ਖੁਸ਼ਹਾਲ ਇਲਾਕੇ ਦੁਆਬੇ ਵਿਚ ਇਕ ਅਜਿਹਾ ਖੇਤਰ ਹੈ , ਜਿੱਥੋਂ ਦੇ ਲੋਕ ਅੱਜ ਵੀ ਮੁੱਢਲੀਆਂ ਲੋੜਾਂ ਨੂੰ ਤਰਸ ਰਹੇ ਹਨ। ਇਹ ਇਲਾਕਾ ਹੈ ਬਿਆਸ ਦਰਿਆ ਵਿਚਕਾਰ ਟਾਪੂਨੁਮਾ ਖੇਤਰ ਜੋ ਚਾਰੇ ਪਾਸਿਓਂ ਬਿਆਸ ਦਰਿਆ ਨਾਲ ਘਿਰਿਆ ਹੋਇਆ ਹੈ। ਲਗਪਗ 23 ਪਿੰਡਾਂ ਵਾਲੇ ਇਸ ਟਾਪੂਨੁਮਾ ਇਲਾਕੇ ਨੂੰ ਸ਼ਹਿਰ ਨਾਲ ਜੋੜਨ ਲਈ ਦਰਿਆ 'ਤੇ ਕੋਈ ਪੁੱਕਾ ਪੁਲ਼ ਨਹੀਂ। ਪਿਛਲੇ ਕੁਝ ਸਾਲਾਂ ਤੋਂ ਇਕ ਆਰਜ਼ੀ ਪੁਲ ਹੈ ਜੋ ਇਨ੍ਹਾਂ ਨੂੰ ਸੁਲਤਾਨਪੁਰ ਲੋਧੀ ਨਾਲ ਜੋੜਦਾ ਹੈ ਪਰ ਸਾਲ ਵਿਚੋਂ ਲਗਪਗ 4 ਮਹੀਨੇ ਲਈ ਇਹ ਆਰਜੀ ਪੁਲ਼ ਵੀ ਚੁੱਕ ਦਿਤਾ ਜਾਂਦਾ ਹੈ ਅਤੇ ਇਥੋਂ ਦੇ ਲੋਕ ਬੇੜੀ 'ਤੇ ਦਰਿਆ ਪਾਰ ਕਰਨ ਲਈ ਮਜਬੂਰ ਹੁੰਦੇ ਹਨ। ਇਸ ਟਾਪੂ ਦਾ ਇਕ ਪਾਸਾ ਗੋਇੰਦਵਾਲ ਤਰਨਤਾਰਨ ਨਾਲ ਲਗਦਾ ਹੈ। ਉਸ ਪਾਰ ਜਾਣ ਲਈ ਵੀ ਲੋਕ ਬੇੜੀ 'ਤੇ ਹੀ ਆਉਣ ਜਾਣ ਕਰਦੇ ਹਨ। ਤੀਜੇ ਪਾਸਿਓਂ ਇਹ ਇਤਿਹਾਸਕ ਸਥਾਨ ਚੋਹਲਾ ਸਾਹਿਬ ਨਾਲ ਜੁੜਦਾ ਹੈ। ਸੁਲਤਾਨਪੁਰ ਲੋਧੀ ਤੋਂ ਲਗਪਗ 22 ਕਿਲੋਮੀਟਰ ਦੂਰ ਕਈ ਹਜ਼ਾਰ ਏਕੜ ਦਾ ਇਹ ਖੇਤਰ ਕਿਸੇ ਵੇਲੇ ਬਿਲਕੁਲ ਜੰਗਲ ਸੀ। ਲੋਕਾਂ ਨੇ ਸਖ਼ਤ ਮੁਸ਼ੱਕਤ ਸਦਕਾ ਇਥੋਂ ਦੇ ਸਰਕੜੇ ਦੇ ਜੰਗਲਾਂ ਨੂੰ ਸਾਫ਼ ਕਰ ਜ਼ਮੀਨ ਪੱਧਰੀ ਕਰ ਕੇ ਵਾਹੀਯੋਗ ਬਣਾਈ।
ਭਾਵੇਂ ਕਿ ਇਥੋਂ ਦੇ ਲੋਕ ਜਾਣਦੇ ਹਨ ਕਿ ਦਰਿਆ ਦਾ ਕੋਈ ਇਤਬਾਰ ਨਹੀਂ ਕਦੋਂ ਆਪਣਾ ਵਹਿਣ ਬਦਲੇ ਅਤੇ ਇਨ੍ਹਾਂ ਦੀ ਪੁੱਤਾਂ ਵਾਂਗੂੰ ਪਾਲੀ ਫ਼ਸਲ ਨੂੰ ਰੋੜ੍ਹ ਕੇ ਲੈ ਜਾਵੇ ਅਤੇ ਸਾਵੀਂ ਪੱਧਰੀ ਕੀਤੀ ਜ਼ਮੀਨ ਕਦ ਪਾਣੀ ਪਾਣੀ ਹੋ ਜਾਵੇ ਪਰ ਫਿਰ ਵੀ ਇਥੋਂ ਦੇ ਭੋਲ਼ੇ ਭਾਲੇ ਮਿਹਨਤਕਸ਼ ਲੋਕ ਹਿੰਮਤ ਦਾ ਪੱਲਾ ਨਹੀਂ ਛੱਡਦੇ। ਇਥੋਂ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ ਜਿਸ ਵਿਚ ਇਹ ਕਣਕ, ਝੋਨਾ ਅਤੇ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। ਸਹਾਇਕ ਧੰਦੇ ਵਜੋਂ ਪਸ਼ੂ ਪਾਲਣ ਕਰ ਦੁੱਧ ਵੇਚ ਕੇ ਗੁਜ਼ਾਰਾ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਹੁਣ ਤਕ ਸਰਕਾਰਾਂ ਨੇ ਸਿਰਫ਼ ਲਾਰੇ ਹੀ ਲਾਏ ਲਗਪਗ 23 ਪਿੰਡਾਂ ਵਾਲੇ ਇਸ ਇਲਾਕੇ ਕੋਲ ਸਹੂਲਤ ਦੇ ਨਾਂ 'ਤੇ ਬਿਜਲੀ ਅਤੇ ਹਾਈ ਸਕੂਲ ਹਨ। ਸਿਹਤ ਸਹੂਲਤ ਦੇ ਨਾਂ 'ਤੇ ਨਾ ਕੋਈ ਡਿਸਪੈਂਸਰੀ, ਨਾ ਕੋਈ ਵੈਟਨਰੀ ਡਿਸਪੈਂਸਰੀ, ਨਾ ਸੀਨੀਅਰ ਸੈਕੰਡਰੀ ਸਕੂਲ, ਨਾ ਉਚੇਰੀ ਵਿਦਿਆ ਲਈ ਕਾਲਜ, ਨਾ ਕੋਈ ਡੇਅਰੀ ਅਤੇ ਨਾ ਕੋਈ ਹੋਰ ਸਹੂਲਤ ਹੈ ਜਿਸ ਦੇ ਹੱਕਦਾਰ ਹਨ। ਅੱਜ ਵੀ ਕੁੜੀਆਂ ਨੂੰ ਪੜ੍ਹਾਉਣ ਤੋਂ ਲੋਕ ਡਰਦੇ ਹਨ। ਬੱਚੇ ਸਰਕਾਰੀ ਸਕੂਲਾਂ ਵਿਚ ਰੋਜ਼ਾਨਾ ਦਰਿਆ ਪਾਰ ਕਰ 5 ਤੋਂ 8 ਕਿਲੋਮੀਟਰ ਤੁਰ ਕੇ ਵਿਦਿਆ ਹਾਸਲ ਕਰਨ ਲਈ ਜਾਂਦੇ ਹਨ। ਅਕਾਲੀ ਪ੍ਰੱਤਕਾ ਦੀ ਟੀਮ ਨੇ ਇਸ ਇਲਾਕੇ ਦੇ ਪਿੰਡ ਬਾਊਪੁਰ ਜਦੀਦ, ਮਹੁੰਮਦਾਬਾਦ, ਬਾਊਪੁਰ ਕਦੀਮ, ਭੈਣੀ ਕਾਦਰ ਬਖ਼ਸ਼, ਭੈਣੀ ਬਹਾਦਰ, ਸਾਂਗਲਾ, ਮੁੰਡਾ, ਮੰਡ ਮੁਬਾਰਕਪੁਰ ਆਦਿ ਪਿੰਡਾ ਦਾ ਦੌਰਾ ਕੀਤਾ ਤੇ ਇਥੋਂ ਦੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਜਾਨਣ ਦੀ ਕੋਸ਼ਿਸ਼ ਕੀਤੀ। ਆਓ ਜਾਣਦੇ ਹਾਂ ਉਥੋਂ ਦੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਉਨ੍ਹਾਂ ਦੀ ਜ਼ੁ
72 ਸਾਲ ਬਾਅਦ ਮਿਲਿਆ ਹੈ ਪੱਕਾ ਪੁਲ਼
ਪਿੰਡ ਬਾਊਪੁਰ ਜਦੀਦ ਦੇ ਸਰਪੰਚ ਗੁਰਮੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਭਾਰਤ ਆਜ਼ਾਦ ਹੋਣ ਤੋਂ ਲਗਪਗ 72 ਸਾਲ ਬਾਅਦ ਇਸ ਵਾਰ ਪੰਜਾਬ ਸਰਕਾਰ ਨੇ ਸੁਲਤਾਨਪੁਰ ਨਾਲ ਜੁੜਨ ਲਈ ਬਿਆਸ ਦਰਿਆ 'ਤੇ ਪੱਕਾ ਪੁਲ਼ ਮਨਜੂਰ ਕੀਤਾ ਹੈ ਜੋ 13 ਕਰੋੜ ਦੀ ਲਾਗਤ ਨਾਲ ਤਿਆਰ ਹੋਣਾ ਹੈ ਅਤੇ ਇਸ ਦਾ ਕੰਮ ਅਰੰਭਿਆ ਗਿਆ ਹੈ। ਇਹ ਵੀ 72 ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ ਕਿ ਇਸ ਇਲਾਕੇ ਦੇ ਲਗਪਗ 23 ਪਿੰਡਾਂ ਨੂੰ 3 ਪੰਚਾਇਤਾਂ ਨਵੀਂਆਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਕੋਲ ਕੋਈ ਵੀ ਮੁੱਢਲੀ ਸਹੂਲਤ ਨਹੀਂ ਹੈ। ਖੇਤੀਬਾੜੀ 'ਤੇ ਨਿਰਭਰ ਲੋਕ ਸਬਜ਼ੀਆਂ ਦੀ ਕਾਸ਼ਤ ਕਰਦੇ ਸਨ ਪਰ ਇਸ ਵਾਰ ਦੀ ਕੇਂਦਰ ਸਰਕਾਰ ਨੇ ਜਦੋਂ ਨੋਟਬੰਦੀ ਕੀਤੀ ਤਾਂ ਵਪਾਰੀਆਂ ਨੂੰ ਮਾਰ ਪਈ ਜਿਸ ਕਾਰਨ ਵਪਾਰੀਆਂ ਨੇ ਖਰੀਦ ਘਟਾ ਦਿਤੀ ਅਤੇ ਉਨ੍ਹਾਂ ਦੀਆਂ ਸਬਜ਼ੀਆਂ ਨੂੰ ਲੈਣੋਂ ਇਨਕਾਰ ਕਰ ਦਿਤਾ।
ਸੰਬੰਧਿਤ ਖ਼ਬਰਾਂ
ਫਿਰ ਜੀਐਸਟੀ ਦੀ ਮਾਰ ਨੇ ਤਾਂ ਅਜਿਹਾ ਲੱਕ ਤੋੜਿਆ ਕਿ ਮਜਬੂਰਨ ਸਬਜ਼ੀਆਂ ਦੀ ਕਾਸ਼ਤ ਬੰਦ ਕਰ ਨਿਰੋਲ ਮੁੱਖ ਫਸਲਾਂ ਕਣਕ ਝੋਨੇ 'ਤੇ ਨਿਰਬਾਹ ਕਰਨਾ ਪੈ ਰਿਹਾ ਹੈ। ਕਣਕ ਦੀ ਖੇਤੀ ਦਾ ਹੀ ਮੁੱਲ ਮਿਲਦਾ ਹੈ ਪਰ ਝੋਨਾ ਤਾਂ ਬਹੁਤੀ ਵਾਰ ਦਰਿਆ ਦੀ ਮਾਰ ਹੇਠ ਹੀ ਆ ਜਾਂਦਾ ਹੈ। ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਸਾਨੂੰ ਵੀ ਭਾਰਤ ਦੇ ਨਾਗਰਿਕ ਸਮਝ ਕੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਅਸੀਂ ਵੀ ਮੁੱਖ ਧਾਰਾ ਨਾਲ ਜੁੜ ਸਕੀਏ। ਪਿੰਡ ਬਾਊਪੁਰ ਜਦੀਦ ਵਿਚ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾ ਰਹੇ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਹੁਣ ਤਕ ਇਸ ਇਲਾਕੇ ਵਿਚ ਇਕ ਵੀ ਰਾਹ ਪੱਕਾ ਨਹੀਂ ਹੈ। ਕਈ ਲੋਕਾਂ ਕੋਲ ਪੱਕੇ ਘਰ ਨਹੀਂ ਹਨ। ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਹੈ ਅਤੇ ਨਾ ਹੀ ਸੀਵਰੇਜ। ਅੱਜ ਦੇ ਤੇਜ਼ ਤਕਨੀਕੀ ਯੁੱਗ ਵਿਚ ਉਚੇਰੀ ਵਿਦਿਆ ਹਾਸਲ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ। ਹੱਥੀਂ ਕਿਰਤ ਕਰਨ ਵਾਲੇ ਇਥੋਂ ਦੇ ਮਿਹਨਤੀ ਲੋਕ ਰੱਬ ਆਸਰੇ ਹੀ ਜ਼ਿੰਦਗੀ ਬਸਰ ਕਰਦੇ ਹਨ। ਸਿਹਤ ਸਹੂਲਤਾਂ ਤੋਂ ਵਾਂਝੇ ਲੋਕਾਂ ਨੂੰ ਸਮੇਂ ਸਿਰ ਆਪਣਿਆਂ ਦਾ ਇਲਾਜ ਨਾ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਆਪਣੇ ਸਾਹਮਣੇ ਦਮ ਤੋੜਦਿਆਂ ਦੇਖ ਕੇ ਬੇਵੱਸੀ ਨਾਲ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਇਲਾਕੇ ਦੇ ਲੋਕਾਂ ਦੀਆਂ ਬਹੁਤੀਆਂ ਰਿਸ਼ਤੇਦਾਰੀਆਂ ਤਰਨਤਾਰਨ, ਗੋਇੰਦਵਾਲ ਸਾਹਿਬ ਵਿਖੇ ਹਨ। ਉਥੇ ਆਉਣ ਜਾਣ ਲਈ ਸਾਨੂੰ ਦਰਿਆ ਪਾਰ ਕਰਨਾ ਪੈਂਦਾ ਹੈ। ਸੋ ਸਾਡੀ ਮੰਗ ਹੈ ਕਿ ਪੱਕੇ ਪੁਲ਼ ਬਣਾਏ ਜਾਣ ਤਾਂ ਜੋ ਇਸ ਇਲਾਕੇ ਦਾ ਵੀ ਵਿਕਾਸ ਹੋ ਸਕੇ।
ਲਗਪਗ ਪਿਛਲੇ ਪੰਜਾਹ ਸਾਲ ਤੋਂ ਇੱਥੇ ਆਪਣੇ ਪਰਿਵਾਰ ਨਾਲ ਰਹਿ ਰਹੀ ਲਗਪਗ 70 ਸਾਲਾਂ ਬਜ਼ਰੁਗ ਔਰਤ ਗੁਰਮੀਤ ਕੌਰ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਅਜੇ ਤਕ ਉਨ੍ਹਾਂ ਦੇ ਇਲਾਕੇ ਨੂੰ ਕੋਈ ਡਿਸਪੈਂਸਰੀ ਤਕ ਨਹੀਂ ਮਿਲੀ। ਸਰੀਰਕ ਢਿੱਲਮੱਠ ਲਈ ਉਨ੍ਹਾਂ ਨੂੰ 20 ਤੋਂ 25 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਜਾਣਾ ਪੈਂਦਾ ਹੈ। ਕਈ ਵਾਰ ਤਾਂ ਰਾਹ ਵਿਚ ਹੀ ਇਲਾਜ ਘੁਣੋਂ ਮਰੀਜ਼ ਦਮ ਤੋੜ ਜਾਂਦਾ ਹੈ। ਉਸ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਚਾਰ ਮਹੀਨੇ ਪਹਿਲਾਂ ਉਹ ਆਪਣੀ ਨੂੰਹ ਨੂੰ ਜਣੇਪੇ ਲਈ ਪੱਟੀ ਲੈ ਕੇ ਜਾ ਰਹੀ ਸੀ ਕਿ ਰਾਹ ਵਿਚ ਹੀ ਉਸ ਦੀ ਤਕਲੀਫ਼ ਵਧੀ ਅਤੇ ਪੇਟ ਵਿਚ ਹੀ ਬੱਚੀ ਦੀ ਮੌਤ ਹੋ ਗਈ। ਹਸਪਤਾਲ ਤਕ ਪਹੁੰਚਦਿਆਂ ਹਾਲਤ ਵਿਗੜ ਗਈ ਤੇ ਬਹੁਤ ਹੀ ਮੁਸ਼ਕਲਾਂ ਨਾਲ ਉਹ ਆਪਣੀ ਨੂੰਹ ਨੂੰ ਬਚਾ ਕੇ ਘਰ ਲਿਆਈ। ਪਿੰਡ ਰਾਮਪੁਰ ਗੋਰੇ ਦੇ ਵਸਨੀਕ ਪਰਗਟ ਸਿੰਘ ਨੇ ਦੱਸਿਆ ਕਿ ਉਹਾ ਤਿੰਨ ਪੀੜ੍ਹੀਆਂ ਤੋਂ ਇਥੇ ਰਹਿ ਰਹੇ ਹਨ। ਇਥੋਂ ਦੇ ਲੋਕਾਂ ਨੇ ਪੈਲ਼ੀਆਂ ਪੁੱਟ ਕੇ ਸਖਤ ਮਿਹਨਤ ਮੁਸ਼ੱਕਤ ਨਾਲ ਇਲਾਕਾ ਆਬਾਦ ਕੀਤਾ।
ਅੱਤਵਾਦ ਦੇ ਦੌਰ ਵਿਚ ਇਥੋਂ ਦੇ ਜੰਗਲ ਉਨ੍ਹਾਂ ਦੀ ਠਹਿਰ ਲਈ ਸੁਰੱਖਿਅਤ ਥਾਂ ਸੀ। ਪਰ ਉਨ੍ਹਾਂ ਅੱਤਵਾਦੀਆਂ ਅਤੇ ਪੁਲਿਸ ਦੀ ਬਹੁਤ ਮਾਰ ਝੱਲੀ ਪਰ ਹੌਂਸਲਾ ਰੱਖ ਇਲਾਕਾ ਨਾ ਛੱਡਿਆ। ਅਤੇ ਜ਼ਮੀਨ ਪੁੱਟ ਕੇ ਆਬਾਦ ਕਰਦੇ ਰਹੇ। ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਕਿਹਾ ਕਿ ਤੁਸੀਂ ਫੀਸਾਂ ਭਰ ਕੇ ਆਪਣੀਆਂ ਪੱਕੀਆਂ ਪੈਲੀਆਂ ਕਰਵਾ ਲਓ। ਸਾਨੂੰ ਸਾਰਿਆਂ ਨੂੰ ਇਕ ਉਮੀਦ ਜਾਗੀ ਕਿ ਹੁਣ ਅਸੀਂ ਪੱਕੀਆਂ ਜ਼ਮੀਨਾਂ ਦੇ ਮਾਲਕ ਹੋ ਜਾਵਾਂਗੇ। ਪਰ ਸਰਕਾਰਾਂ ਦੀ ਬਦਨੀਯਤੀ ਕਿ ਫੀਸ ਭਰ ਪੱਕੀਆਂ ਕਰਵਾਈਆਂ ਜ਼ਮੀਨਾਂ ਮੁੜ ਕੱਚੀਆਂ ਕਰ ਦਿਤੀ। ਉਨ੍ਹਾਂ ਦਰਦ ਪ੍ਰਗਟ ਕਰਦਿਆਂ ਕਿਹਾ ਕਿ ਜ਼ਮੀਨਾਂ ਕੱਚੀਆਂ ਹੋਣ ਕਾਰਨ ਗਰਦਾਵਰੀਆਂ ਵੀ ਸਹੀ ਨਹੀਂ ਹੁੰਦੀਆਂ ਜਿਸ ਕਾਰਨ ਫਸਲਾਂ ਦਾ ਖਰਾਬਾ ਮਿਲਣ ਵਿਚ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੋ ਉਨ੍ਹਾਂ ਦੀ ਸਰਕਾਰ ਅੱਗੇ ਮੰਗ ਹੈ ਕਿ ਇਸ ਇਲਾਕੇ ਦੇ ਲੋਕਾਂ ਦੀਆਂ ਪੈਲ਼ੀਆਂ ਪੱਕੀਆਂ ਕਰਵਾਈਆਂ ਜਾਣ ਅਤੇ ਕੁਦਰਤ ਦੀ ਮਾਰ ਪੈਣ 'ਤੇ ਇਥੋਂ ਦੇ ਲੋਕਾਂ ਦੀ ਬਾਂਹ ਫੜੀ ਜਾਵੇ ਤਾਂ ਜੋ ਉਹ ਵੀ ਵਧੀਆ ਜੀਵਨ ਬਤੀਤ ਕਰ ਸਕਣ। ਪਿੰਡ ਰਾਮਪੁਰ ਗੋਰਿਆਂ ਦੀ ਪਹਿਲੀ ਵਾਰ ਨਵੀਂ ਬਣੀ ਪੰਚਾਇਤ ਦੇ ਨੌਜਵਾਨ ਜੋਸ਼ੀਲੇ ਸਰਪੰਚ ਜਗਦੀਪ ਸਿੰਘ ਨੇ ਗੱਲਬਾਤ ਕਰਦਿਆਂ ਜਾਣੂ ਕਰਵਾÎਇਆ ਕਿ ਹੁਣ ਤਕ ਇਸ ਇਲਾਕੇ ਕੋਲ ਆਪਣੀਆਂ ਪੰਚਾਇਤਾਂ ਨਹੀਂ ਸਨ। ਦਰਿਆਓਂ ਪਾਰ ਵੱਸਦੇ 10 ਤੋਂ 15 ਕਿਲੋਮੀਟਰ ਦੂਰ ਦੇ ਪਿੰਡਾਂ ਨਾਲ ਉਨ੍ਹਾਂ ਨੂੰ ਜੋੜਿਆ ਹੋਇਆ ਸੀ। ਜਿਸ ਕਾਰਨ ਵਿਕਾਸ ਦੇ ਨਾਂ 'ਤੇ ਅੱਜ ਤਕ ਕਦੇ ਕੁਝ ਨਹੀਂ ਮਿਲਿਆ। ਨਾ ਹੀ ਕਦੇ ਹੋਈ ਸਕੀਮ ਆਮ ਲੋਕਾਂ ਤਕ ਪਹੁੰਚਾਈ ਗਈ ਹੈ। ਸਰਕਾਰ ਵਲੋਂ ਆਈਆਂ ਵੱਖ ਵੱਖ ਸਕੀਮਾਂ ਦੀ ਖਾਨਾਪੂਰਤੀ ਕਰ ਉਥੋਂ ਹੀ ਮੋੜ ਦਿਤੀਆਂ ਜਾਂਦੀਆਂ। ਪਰ ਹੁਣ ਉਹ ਆਪਣੇ ਇਲਾਕੇ ਦੀ ਸੇਵਾ ਕਰਨਗੇ ਅਤੇ ਸਰਕਾਰ ਵਲੋਂ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਇਥੋਂ ਦੇ ਲੋਕਾਂ ਨੂੰ ਪਹੁੰਚਾਉਣਗੇ।






