ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ) : ਸੰਸਦ ਮੈਂਬਰ ਸ.ਜਸਬੀਰ ਸਿੰਘ ਡਿੰਪਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ-ਡੇਰਾ ਬਾਬਾ ਨਾਨਕ ਬਰਾਸਤਾ ਸੁਭਾਨਪੁਰ ਸੜਕ ਦਾ ਨਾਮ 'ਗੁਰੂ ਨਾਨਕ ਮਾਰਗ' ਰੱਖਿਆ ਜਾਵੇਗਾ ਜਿਸ ਲਈ ਲੋੜੀਂਦੀ ਪ੍ਰਸ਼ਾਸ਼ਕੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਲਤਾਨਪੁਰ ਲੋਧੀ ਵਿਖੇ ਜਲਦ ਹੀ ਇਸ ਮਾਰਗ ਦੇ ਨਾਮਕਰਨ ਦੀ ਰਸਮ ਅਦਾ ਕੀਤੀ ਜਾਵੇਗੀ। ਅੱਜ ਇੱਥੇ ਸਥਾਨਕ ਵਿਧਾਇਕ ਸ.ਨਵਤੇਜ ਸਿੰਘ ਚੀਮਾ ਨਾਲ 550ਵੇਂ ਪ੍ਰਕਾਸ਼ ਪੁਰਬ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਦੋਹਾਂ ਇਤਿਹਾਸਕ ਸ਼ਹਿਰਾਂ ਨੂੰ ਜੋੜਨ ਵਾਲੀ ਇਸ ਸੜਕ ਦੇ 'ਗੁਰੂ ਨਾਨਕ ਮਾਰਗ' ਵਜੋਂ ਨਾਮਕਰਨ ਬਹੁਤ ਵੱਡਾ ਫੈਸਲਾ ਹੈ ਕਿਉਂਕਿ ਇਹ ਦੋਵੇਂ ਸ਼ਹਿਰ ਇਸ ਸਦੀ ਦੇ ਸਭ ਤੋਂ ਯਾਦਗਾਰੀ ਦਿਨਾਂ ਦਾ ਗਵਾਹ ਬਣ ਰਹੇ ਹਨ।
ਸੁਲਤਾਨਪੁਰ ਲੋਧੀ ਵਿਖੇ ਸ਼ਰਧਾਲੂਆਂ ਦੀ ਗਿਣਤੀ ਵਿਚ ਵੱਡੇ ਇਜ਼ਾਫੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਸ਼ਵ ਭਰ ਵਿਚੋਂ ਲੋਕਾਂ ਦੇ ਸੁਲਤਾਨਪੁਰ ਲੋਧੀ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਇਸ ਸ਼ਹਿਰ ਨੂੰ ਧਾਰਮਿਕ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਦਾ ਫੈਸਲਾ ਲਿਆ ਗਿਆ ਹੈ, ਕਿਉਂ ਜੋ 550 ਵੇਂ ਪ੍ਰਕਾਸ਼ ਪੁਰਬ ਕਾਰਨ ਜਿੱਥੇ ਇਹ ਸ਼ਹਿਰ ਪਹਿਲਾਂ ਹੀ ਵਿਸ਼ਵ ਦੇ ਨਕਸ਼ੇ 'ਤੇ ਆ ਗਿਆ ਹੈ ਉੱਥੇ ਹੀ ਧਾਰਮਿਕ ਸੈਰ ਸਪਾਟੇ ਦੀਆਂ ਸੰਭਾਵਨਾਵਾਂ ਵਿਚ ਅਸੀਮ ਵਾਧਾ ਹੋਇਆ ਹੈ।ਸ਼ਹਿਰ ਵਿਚ ਬੁਨਿਆਦੀ ਢਾਂਚੇ ਦੇ ਚੱਲ ਰਹੇ ਕੰਮਾਂ ਨੂੰ ਜਲਦ ਪੂਰਾ ਕਰਨ ਦੀ ਹਦਾਇਤ ਕਰਦਿਆਂ ਉਨਾਂ ਕਿਹਾ ਕਿ ਪਹਿਲੀ ਨਵੰਬਰ ਤੋਂ 12 ਨਵੰਬਰ ਤੱਕ ਰੋਜ਼ਾਨਾ 10 ਲੱਖ ਤੋਂ ਵਧੇਰੇ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ, ਜਿਸ ਲਈ 400 ਕਰੋੜ ਦੀ ਲਾਗਤ ਵਾਲੇ ਚੱਲ ਰਹੇ ਵਿਕਾਸ ਕਾਰਜਾਂ ਨੂੰ 20 ਅਕਤੂਬਰ ਤੱਕ ਹਰ ਹਾਲ ਮੁਕੰਮਲ ਕੀਤਾ ਜਾਵੇ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਨੂੰ ਵੱਖ-ਵੱਖ ਪਾਸਿਆਂ ਤੋਂ ਆਉਂਦੀਆਂ ਸੜਕਾਂ ਨਾਲ ਜੋੜਨ ਲਈ ਉਸਾਰੇ ਦਾ ਰਹੇ ਪੁਲਾਂ ਦਾ 80 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ।
ਸੰਬੰਧਿਤ ਖ਼ਬਰਾਂ
ਸ਼ਰਧਾਲੂਆਂ ਦੇ ਠਹਿਰਣ ਲਈ ਬਣਾਈਆਂ ਜਾ ਰਹੀਆਂÎ ਟੈਂਟ ਸਿਟੀਜ਼ ਬਾਰੇ ਸੰਸਦ ਮੈਂਬਰ ਨੇ ਕਿਹਾ ਕਿ ਉਹ ਅਤੇ ਵਿਧਾਇਕ ਚੀਮਾ ਖੁਦ ਟੈਂਟ ਸਿਟੀ ਵਿਚ ਰਾਤ ਗੁਜਾਰਨੇਗੇ ਤਾਂ ਜੋ ਇਸ ਵਿਚਲੀਆਂ ਖਾਮੀਆਂ ਨੂੰ ਮਹਿਸੂਸ ਕਰਕੇ ਉਸਨੂੰ ਪਹਿਲਾਂ ਹੀ ਦੂਰ ਕੀਤਾ ਜਾ ਸਕੇ।ਐਸ.ਡੀ.ਐਮ. ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਪਾਰਕਿੰਗ ਤੇ ਟੈਂਟ ਸਿਟੀ ਵਿਚ ਬਿਹਤਰੀਨ ਤਾਲਮੇਲ ਲਈ ਇੰਫੋਟੇਨਮੈਂਟ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਹਰ ਪਾਰਕਿੰਗ ਤੇ ਟੈਂਟ ਸਿਟੀ ਵਿਚ ਲੰਗਰ, ਜੋੜੇ ਘਰ, ਪੀਣ ਵਾਲੇ ਪਾਣੀ , ਵੱਡੀਆਂ ਐਲ.ਈ.ਡੀ. ਸਕਰੀਨਾਂÎ ਤੋਂ ਇਲਾਵਾ 4000 ਪਖਾਨੇ ਵੀ ਬਣਾਏ ਜਾ ਰਹੇ ਹਨ।ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਵਿਖੇ ਆਈ.ਸੀ.ਯੂ ਤੇ ਐਕਸ ਰੇ ਮਸ਼ੀਨਾਂ ਸਥਾਪਿਤ ਕਰਨ ਦੇ ਕੰਮ ਨੂੰ ਤੇਜ ਕਰਨ ਦੇ ਹੁਕਮ ਦਿਦਿਆਂ ਉਨ੍ਹਾਂ ਕਿਹਾ ਕਿ ਅਗਲੇ 10 ਦਿਨ ਤੱਕ ਇਹ ਕੰਮ ਮੁਕੰਮਲ ਕੀਤਾ ਜਾਵੇ ਤਾਂ ਜੋ ਕਿਸੇ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਪ੍ਰਬੰਧ ਮੌਜੂਦ ਹੋਣ।
ਉਨ੍ਹਾਂ ਵਾਟਰ ਸਪਲਾਈ ਵਿਭਾਗ ਵਲੋਂ ਸ੍ਰੀ ਬੇਰ ਸਾਹਿਬ ਦੇ ਨੇੜੇ ਸਥਾਪਿਤ ਕੀਤੇ ਜਾ ਰਹੇ 10 ਵਾਟਰ ਏ.ਟੀ.ਐਮ ਦੀ ਗਿਣਤੀ ਵਧਾਉਣ ਲਈ ਕਿਹਾ ਕਿਉਂ ਜੋ ਸ਼ਰਧਾਲੂਆਂ ਦੀ ਗਿਣਤੀ ਦੇ ਹਿਸਾਬ ਨਾਲ ਇਹ ਬਹੁਤ ਘੱਟ ਹਨ।ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਪੀਲ 'ਤੇ ਸੰਸਦ ਮੈਂਬਰ ਵਲੋਂ ਆਪਣੇ ਅਖਤਿਆਰੀ ਕੋਟੇ ਵਿਚੋਂ ਸਵੀਪਿੰਗ ਮਸ਼ੀਨ ਖਰੀਦਣ ਲਈ ਤੁਰੰਤ 22 ਲੱਖ ਰੁਪੈ ਜਾਰੀ ਕਰਨ ਦਾ ਵੀ ਐਲਾਨ ਕੀਤਾ ਤੇ ਸੁਲਤਾਨਪੁਰ ਲੋਧੀ ਨਗਰ ਕੌਂਸਲ ਨੂੰ ਇਸ ਸਬੰਧੀ ਤੁਰੰਤ ਮਤਾ ਪਤਾ ਪਾਸ ਕਰਕੇ ਭੇਜਣ ਲਈ ਕਿਹਾ ਗਿਆ ਹੈ।ਸੰਸਦ ਮੈਂਬਰ ਵਲੋਂ ਉੱਚਾ-ਸੁਰਖਪੁਰ, ਢਿਲਵਾਂ ਸੜਕ ਦੀ ਮੁਰੰਮਤ ਕਰਨ ਦੇ ਹੁਕਮ ਵੀ ਦਿੱਤੇ ਗਏ ਕਿਉਂ ਜੋ ਇਸ ਸੜਕ ਰਾਹੀਂ ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸੁਲਤਾਨਪੁਰ ਲੋਧੀ ਆਉਣਾ ਹੈ।ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਕਿ 10 ਅਕਤੂਬਰ ਤੋਂ 200 ਟ੍ਰੈਫਿਕ ਕਰਮਚਾਰੀ ਹੋਰ ਤਾਇਨਾਤ ਕੀਤੇ ਜਾ ਰਹੇ ਹਨ ਤਾਂ ਜੋ ਵਧ ਰਹੀ ਆਵਾਜਾਈ ਨੂੰ ਸੁਚਾਰੂ ਤਰੀਕੇ ਨਾਲ ਚਲਾਇਆ ਜਾ ਸਕੇ।ਇਸ ਮੌਕੇ ਨਗਰ ਕੌਸਲ ਦੇ ਚੇਅਰਮੈਨ ਅਸ਼ੋਕ ਮੋਗਲਾ, ਐਸ.ਡੀ.ਐਮ. ਡਾ. ਚਾਰੂਮਿਤਾ ਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।






