ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵਧਦੀ ਗਰਮੀ ਕਾਰਨ ਤੇ ਰਮਜ਼ਾਨ ਦੇ ਮੱਦੇਨਜ਼ਰ ਅਗਾਮੀ ਗੇੜਾਂ ਦੌਰਾਨ ਮਤਦਾਨ ਦਾ ਸਮਾਂ ਸਵੇਰੇ ਸੱਤ ਵਜੇ ਦੀ ਥਾਂ ਪੰਜ ਵਜੇ ਕਰਨ ਦੀ ਮੰਗ 'ਤੇ ਵਿਚਾਰ ਕਰਨ ਲਈ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਕਮਿਸ਼ਨ ਨੂੰ ਕਿਹਾ ਕਿ ਇਸ ਸਬੰਧੀ ਉਹ ਲੰਬਿਤ ਮੰਗ ਪੱਤਰ 'ਤੇ ਉਚਿਤ ਆਦੇਸ਼ ਜਾਰੀ ਕਰੇ।ਇਹ ਆਦੇਸ਼ ਵੀਰਵਾਰ ਨੂੰ ਚੀਫ ਜਸਟਿਸ ਰੰਜਨ ਗੋਗੋਈ, ਦੀਪਕ ਗੁਪਤਾ ਤੇ ਸੰਜੀਵ ਖੰਨਾ ਦੀ ਅਗਵਾਈ ਵਾਲੇ ਬੈਂਚ ਨੇ ਵਧਦੀ ਗਰਮੀ ਤੇ ਰਮਜ਼ਾਨ ਦੇ ਮੱਦੇਨਜ਼ਰ ਮਤਦਾਨ ਦਾ ਸਮਾਂ ਸਵੇਰੇ 4:30 ਜਾਂ ਪੰਜ ਵਜੇ ਕਰਨ ਦੀ ਮੰਗ ਵਾਲੀ ਮੁਹੰਮਦ ਨਿਜ਼ਾਮਉੱਦੀਨ ਪਾਸ਼ਾ ਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਦਿੱਤੇ।ਪਾਸ਼ਾ ਵੱਲੋਂ ਵੀਰਵਾਰ ਨੂੰ ਪਟੀਸ਼ਨ ਦਾ ਜ਼ਿਕਰ ਕਰਦਿਆਂ ਸੀਨੀਅਰ ਵਕੀਲ ਮੀਨਾਕਸ਼ੀ ਅਰੋੜਾ ਨੇ ਅਦਾਲਤ ਨੂੰ ਕਿਹਾ ਕਿ ਸਾਰੇ ਭਾਈਚਾਰਿਆਂ ਵਿਸ਼ੇਸ਼ ਕਰਕੇ ਮੁਸਲਮਾਨਾਂ ਨੂੰ ਚੋਣ ਪ੍ਰਕਿਰਿਆ 'ਚ ਹਿੱਸਾ ਲੈਣ ਦਾ ਬਰਾਬਰੀ ਦਾ ਮੌਕਾ ਦੇਣ ਲਈ ਪੰਜਵੇਂ, ਛੇਵੇਂ ਤੇ ਸੱਤਵੇਂ ਗੇੜ ਦੀਆਂ ਚੋਣਾਂ 'ਚ ਮਤਦਾਨ ਦਾ ਸਮਾਂ ਦੋ-ਢਾਈ ਘੰਟੇ ਪਹਿਲਾਂ ਕਰ ਦਿੱਤਾ ਜਾਵੇ।
ਸੰਬੰਧਿਤ ਖ਼ਬਰਾਂ
ਯਾਨੀ ਸਵੇਰੇ ਸੱਤ ਵਜੇ ਦੀ ਥਾਂ 4:30 ਵਜੇ ਜਾਂ ਪੰਜ ਵਜੇ ਤੋਂ ਮਤਦਾਨ ਸ਼ੁਰੂ ਕਰਵਾ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਆਗਾਮੀ ਛੇ ਮਈ ਤੋਂ ਰਮਜ਼ਾਨ ਸ਼ੁਰੂ ਹੋਣ ਵਾਲੇ ਹਨ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ 'ਚ ਸਖ਼ਤ ਗਰਮੀ ਪੈ ਰਹੀ ਹੈ। ਮਤਦਾਨ ਦਾ ਸਮਾਂ ਛੇਤੀ ਹੋਣ ਨਾਲ ਮੁਸਲਮਾਨ ਭਾਈਚਾਰੇ ਨੂੰ ਸਹੂਲੀਅਤ ਮਿਲੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਥਾਵਾਂ ਨੂੰ ਛੱਡਿਆ ਜਾ ਸਕਦਾ ਹੈ ਜਿੱਥੇ ਸੁਰੱਖਿਆ ਜਾਂ ਹੋਰ ਕਾਰਨਾਂ ਕਰਕੇ ਮਤਦਾਨ ਦਾ ਸਮਾਂ ਛੇਤੀ ਸੰਭਵ ਨਾ ਹੋਵੇ। ਉਨ੍ਹਾਂ ਦੀਆਂ ਇਨ੍ਹਾਂ ਦਲੀਲਾਂ 'ਤੇ ਬੈਂਚ ਨੇ ਉਨ੍ਹਾਂ ਨੂੰ ਆਪਣੀ ਮੰਗ ਚੋਣ ਕਮਿਸ਼ਨ ਸਾਹਮਣੇ ਰੱਖਣ ਲਈ ਕਿਹਾ।ਮੀਨਾਕਸ਼ੀ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਹੋਇਆ ਹੈ ਪਰ ਕਮਿਸ਼ਨ ਨੇ ਅਜੇ ਤਕ ਇਸ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ। ਇਸ 'ਤੇ ਅਦਾਲਤ ਨੇ ਕਮਿਸ਼ਨ ਨੂੰ ਮੰਗ 'ਤੇ ਵਿਚਾਰ ਕਰਕੇ ਉਚਿਤ ਫ਼ੈਸਲਾ ਲੈਣ ਦਾ ਨਿਰਦੇਸ਼ ਦਿੱਤਾ ਹੈ।
ਚੇਤੇ ਰਹੇ ਕਿ ਅਜੇ ਪੰਜਵੇਂ, ਛੇਵੇਂ ਤੇ ਸੱਤਵੇਂ ਗੇੜ ਦੀਆਂ ਚੋਣਾਂ ਕ੍ਰਮਵਾਰ 6, 12 ਤੇ 19 ਮਈ ਨੂੰ ਹੋਣੀਆਂ ਹਨ। ਇਸ ਦਰਮਿਆਨ ਛੇ ਮਈ ਤੋਂ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ ਤੇ ਰਮਜ਼ਾਨ ਦੌਰਾਨ ਮੁਸਲਮਾਨ ਭਾਈਚਾਰਾ ਰੋਜ਼ੇ ਰੱਖਦਾ ਹੈ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਤੇਜ਼ ਗਰਮੀ 'ਚ ਰੋਜ਼ਾ ਰੱਖਣ ਵਾਲਿਆਂ ਨੂੰ ਚੋਣਾਂ 'ਚ ਮਤਦਾਨ ਕੀਤੇ ਜਾਣ 'ਚ ਮੁਸ਼ਕਿਲ ਪੇਸ਼ ਆਵੇਗੀ।






