ਤਰਨਤਾਰਨ: ਬਠਿੰਡਾ ਕੌਮੀ ਸ਼ਾਹ ਮਾਰਗ 'ਤੇ ਵੀਰਵਾਰ ਸਵੇਰੇ ਟਰਾਲੇ ਨੂੰ ਮੁੜਵਾ ਰਹੇ 30 ਸਾਲਾ ਨੌਜਵਾਨ ਨੂੰ ਅਣਪਛਾਤੇ ਨੌਜਵਾਨ ਨੇ ਫੇਟ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਇਸ ਦੌਰਾਨ ਟਰਾਲੇ ਦਾ ਚਾਲਕ ਵਾਹਨ ਸੜਕ ਵਿਚ ਛੱਡ ਕੇ ਫ਼ਰਾਰ ਹੋ ਗਿਆ। ਸੰਘਣੀ ਧੁੰਦ ਦੇ ਚੱਲਦਿਆਂ ਉਕਤ ਟਰਾਲੇ ਨਾਲ ਇਕ ਸਕੂਲ ਬੱਸ ਵੀ ਜਾ ਟਕਰਾਈ। ਜਿਸ ਵਿਚ ਸਵਾਰ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਸੰਬੰਧਿਤ ਖ਼ਬਰਾਂ
ਨੈਸ਼ਨਲ ਹਾਈਵੇ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਰੇਤ ਨਾਲ ਭਰਿਆ ਟਰਾਲਾ ਤਰਨਤਾਰਨ ਵੱਲ ਮੋੜਿਆ ਜਾ ਰਿਹਾ ਸੀ। ਡਰਾਈਵਰ ਦੀ ਸਹਾਇਤਾ ਕਰਦਿਆਂ ਸਰਬਜੀਤ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਠੱਠੀਆਂ ਮਹੰਤਾਂ ਟਰਾਲੇ ਨੂੰ ਮੁੜਵਾਉਣ ਲੱਗ ਪਿਆ। ਇਸੇ ਦੌਰਾਨ ਧੁੰਦ ਦੇ ਚੱਲਦਿਆਂ ਕਿਸੇ ਵਾਹਨ ਨੇ ਸਰਬਜੀਤ ਸਿੰਘ ਨੂੰ ਫੇਟ ਮਾਰ ਦਿੱਤੀ। ਜਿਸ ਕਾਰਨ ਉਸਦੇ ਸਿਰ ਵਿਚ ਗੰਭੀਰ ਸੱਟ ਲੱਗੀ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਪੁਲਿਸ ਮੁਤਾਬਿਕ ਸਰਬਜੀਤ ਸਿੰਘ ਨਿੱਜੀ ਬੱਸ ਕੰਪਨੀ 'ਚ ਨੌਕਰੀ ਕਰਦਾ ਸੀ ਅਤੇ ਉਹ ਆਪਣੇ ਘਰ ਜਾਣ ਲਈ ਉਥੇ ਖੜਾ ਸੀ, ਜੋ ਟਰਾਲੇ ਵਾਲੇ ਦੀ ਮਦਦ ਕਰਦਿਆਂ ਮੌਤ ਦੇ ਮੂੰਹ ਵਿਚ ਜਾ ਪਿਆ। ਟਰਾਲਾ ਚਾਲਕ ਦੇ ਫ਼ਰਾਰ ਹੋਣ ਕਰਕੇ ਹਾਦਸਾਗ੍ਰਸਤ ਵਾਹਨ ਸੜਕ ਵਿਚਕਾਰ ਹੀ ਖੜ੍ਹਾ ਸੀ ਕਿ ਨਿੱਜੀ ਸਕੂਲ ਦੀ ਬੱਸ ਉਸ ਨਾਲ ਆ ਟਕਰਾਈ। ਇਸ ਬੱਸ ਵਿਚ ਸਟਾਫ ਅਤੇ ਕੁਝ ਵਿਦਿਆਰਥੀ ਸਵਾਰ ਸਨ। ਜਿੰਨ੍ਹਾਂ ਦੇ ਮਾਮੂਲੀ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਥਾਣਾ ਸਦਰ ਤਰਨਤਾਰਨ ਤੋਂ ਏਐੱਸਆਈ ਬਿਸ਼ਨ ਦਾਸ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜੇ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਸਰਬਜੀਤ ਸਿੰਘ ਦੀ ਮੌਤ ਦਾ ਕਾਰਨ ਬਨਣ ਵਾਲੇ ਵਾਹਨ ਦਾ ਪਤਾ ਲਗਾਇਆ ਜਾ ਰਿਹਾ ਹੈ। ਜਦੋਂਕਿ ਜੋ ਟਰਾਲਾ ਸੜਕ ਦੇ ਵਿਚਕਾਰ ਮੋੜਿਆ ਜਾ ਰਿਹਾ ਸੀ ਉਸਦਾ ਚਾਲਕ ਵੀ ਹਾਲੇ ਫ਼ਰਾਰ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।






