ਫਿਲੌਰ : ਸਥਾਨਕ ਸਿਵਲ ਹਸਪਤਾਲ ਦੇ ਬਾਥਰੂਮ 'ਚੋਂ ਇਕ 27 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ 'ਚੋਂ ਬਦਬੋ ਆ ਰਹੀ ਸੀ ਤੇ ਮਿ੍ਤਕ ਦੇ ਪੱਟ ਤੇ ਬਾਂਹ 'ਚ ਸੂਈ ਸਮੇਤ ਸਰਿੰਜ ਧਸੀ ਹੋਈ ਸੀ। ਸਵੇਰੇ ਜਦੋਂ ਹਸਪਤਾਲ ਦਾ ਸਫ਼ਾਈ ਕਰਮਚਾਰੀ ਸਫ਼ਾਈ ਕਰਦਾ ਹੋਇਆ ਬਾਥਰੂਮ ਸਾਫ ਕਰਨ ਲਈ ਗਿਆ ਤਾਂ ਬਾਥਰੂਮ ਅੰਦਰੋਂ ਬੰਦ ਸੀ ਤੇ ਗੰਦੀ ਬਦਬੂ ਆ ਰਹੀ ਸੀ। ਉਸ ਨੇ ਕਈ ਵਾਰ ਬਾਥਰੂਮ ਦਾ ਦਰਵਾਜ਼ਾ ਖੜਕਾਇਆ ਪਰ ਜਦੋਂ ਦਰਵਾਜ਼ਾ ਨਹੀਂ ਖੁੱਲਿ੍ਹਆ ਤਾਂ ਸ਼ੱਕ ਹੋਣ 'ਤੇ ਉਸ ਨੇ ਤੁਰੰਤ ਜਾ ਕੇ ਐੱਸਐੱਮਓ ਡਾ. ਜਤਿੰਦਰ ਸਿੰਘ ਨੂੰ ਦੱਸਿਆ। ਐੱਸਐੱਮਓ ਨੇ ਮੌਕੇ 'ਤੇ ਆ ਕੇ ਜਾਂਚ ਕੀਤੀ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।ਐੱਸਐੱਚਓ ਫਿਲੌਰ ਪ੍ਰਰੇਮ ਸਿੰਘ ਪੁਲਿਸ ਫੋਰਸ ਸਮੇਤ ਮੌਕੇ 'ਤੇ ਪੁੱਜੇ।
ਸੰਬੰਧਿਤ ਖ਼ਬਰਾਂ
ਪੁਲਿਸ ਨੇ ਬਾਥਰੂਮ ਦਾ ਦਰਵਾਜ਼ਾ ਤੋੜਿਆ ਤਾਂ ਅੰਦਰ ਇਕ ਨੌਜਵਾਨ ਦੀ ਲਾਸ਼ ਜ਼ਮੀਨ 'ਤੇ ਪਈ ਸੀ ਤੇ ਉਸ 'ਚੋਂ ਬਦਬੂ ਆ ਰਹੀ ਸੀ। ਮਿ੍ਤਕ ਨੌਜਵਾਨ ਦੇ ਪੱਟ ਤੇ ਬਾਂਹ 'ਚ ਸੂਈ ਸਮੇਤ ਸਰਿੰਜ ਧਸੀ ਹੋਈ ਸੀ। ਪੁਲਿਸ ਨੇ ਜਾਂਚ ਕਰਨ ਉਪਰੰਤ ਪੋਸਟਮਾਰਟਮ ਲਈ ਲਾਸ਼ ਲਾਸ਼ ਘਰ ਵਿਚ ਰਖਵਾ ਦਿੱਤੀ ਅਤੇ ਪਛਾਣ ਹੋਣ ਉਪਰੰਤ ਵਾਰਸਾਂ ਨੂੰ ਬੁਲਾਇਆ, ਜਿਨ੍ਹਾਂ ਨੇ ਆ ਕੇ ਮਿ੍ਤਕ ਨੌਜਵਾਨ ਦੀ ਸ਼ਨਾਖਤ ਕੀਤੀ।ਵਾਰਸਾਂ ਨੇ ਕਿਹਾ ਕਿ ਮਿ੍ਤਕ ਦਾ ਨਾਂ ਸੁਖਪ੍ਰਰੀਤ ਸਿੰਘ ਜੌਹਲ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਡੱਲੇਵਾਲ ਗੁਰਾਇਆ ਹੈ। ਜਦੋਂ ਸੁਖਪ੍ਰਰੀਤ ਘਰ ਨਹੀਂ ਪੁੱਜਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ।
ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਮਿ੍ਤਕ ਦਾ ਮੋਟਰਸਾਈਕਲ ਵੀ ਸਿਵਲ ਹਸਪਤਾਲ ਦੇ ਸਾਈਕਲ ਸਟੈਂਡ 'ਤੇ ਖੜ੍ਹਾ ਹੈ। ਐੱਸਐੱਮਓ ਫਿਲੌਰ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਮਿ੍ਤਕ ਨੌਜਵਾਨ ਦਾ ਫਿਲੌਰ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ 'ਚ ਇਲਾਜ ਵੀ ਚੱਲ ਰਿਹਾ ਸੀ, ਉਹ ਇੱਥੋਂ ਦਵਾਈ ਖਾਂਦਾ ਸੀ ਪਰ ਮਾਰਚ 2019 ਤੋਂ ਬਾਅਦ ਉਹ ਇੱਥੇ ਦਵਾਈ ਖਾਣ ਨਹੀਂ ਆ ਰਿਹਾ ਸੀ। ਮਿ੍ਤਕ ਦੇ ਵਾਰਸਾਂ ਨੇ ਕਿਹਾ ਕਿ ਉਹ ਵੀ ਆਪਣੇ ਲੜਕੇ ਦਾ ਇਲਾਜ ਕਰਵਾਉਂਦੇ ਰਹੇ ਹਨ ਪਰ ਜਦੋਂ ਉਹ ਦੋ ਦਿਨ ਤੋਂ ਘਰ ਨਹੀਂ ਆਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਖ਼ੁਦ ਆਪਣੇ ਤੌਰ 'ਤੇ ਵੀ ਉਸ ਦੀ ਭਾਲ ਕਰਦੇ ਰਹੇ। ਐੱਸਐੱਚਓ ਫਿਲੌਰ ਪ੍ਰਰੇਮ ਸਿੰਘ ਨੇ ਕਿਹਾ ਕਿ ਪੋਸਟਮਾਰਟਮ ਉਪਰੰਤ ਹੀ ਕੁਝ ਕਹਿਣਾ ਮੁਨਾਸਿਬ ਹੋਵੇਗਾ ਤੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਸਿਵਲ ਹਸਪਤਾਲ ਦੇ ਬਾਥਰੂਮ 'ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ, ਉਸ ਵੇਲੇ ਵੀ ਇਸ ਗੱਲ ਦੀ ਚਰਚਾ ਹੋਈ ਸੀ ਕਿ ਉਸ ਨੌਜਵਾਨ ਦੀ ਮੌਤ ਵੀ ਓਵਰਡੋਜ਼ ਨਾਲ ਹੀ ਹੋਈ ਸੀ।






