ਲੁਧਿਆਣਾ : ਬਚਿੱਤਰ ਨਗਰ ਇਲਾਕੇ 'ਚ ਇਨੋਵਾ ਦੀ ਲਪੇਟ 'ਚ ਆਉਣ ਕਾਰਨ ਮਾਰੇ ਗਏ ਬੱਚੇ ਦੇ ਮਾਮਲੇ 'ਚ ਪਰਿਵਾਰਕ ਮੈਂਬਰਾਂ ਨੇ ਕੁਝ ਲੋਕਾਂ ਨਾਲ ਮਰਾਡੋ ਚੌਕੀ ਦੇ ਬਾਹਰ ਲਾਸ਼ ਰੱਖ ਕੇ ਪ੍ਰਦਰਸ਼ਨ ਕੀਤਾ। ਉਹ ਲੋਕ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਦੀ ਮੰਗ ਕਰ ਰਹੇ ਸਨ। ਇਸੇ ਦੌਰਾਨ ਕੁਝ ਸ਼ਰਾਰਤੀ ਲੋਕਾਂ ਨੇ ਪੁਲਿਸ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕਰ ਕੇ ਉਨ੍ਹਾਂ ਖਦੇੜ ਦਿੱਤਾ।ਪੁਲਿਸ ਨੇ ਮੁਲਜ਼ਮ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਪੀੜਤ ਪਰਿਵਾਰ ਨੂੰ ਮੁਲਜ਼ਮ ਤੋਂ ਮੁਆਵਜ਼ਾ ਦਿਵਾਇਆ ਜਾਵੇ। ਪਥਰਾਅ ਤੋਂ ਬਾਅਦ ਭੜਕੀ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ।
ਸੰਬੰਧਿਤ ਖ਼ਬਰਾਂ
ਜ਼ਿਕਰਯੋਗ ਹੈ ਕਿ ਬਚਿੱਤਰ ਨਗਰ ਦੀ ਗਲ਼ੀ ਨੰਬਰ ਤਿੰਨ ਦੇ ਬਾਹਰ ਗਲ਼ੀ 'ਚ ਖੇਡ ਰਹੇ ਤਿੰਨ ਸਾਲ ਦੇ ਬੱਚੇ ਨੂੰ ਤੇਜ਼ ਰਫ਼ਤਾਰ ਇਨੋਵਾ ਨੇ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਕਾਰ ਸਮੇਤ ਫ਼ਰਾਰ ਹੋ ਗਿਆ ਸੀ। ਉਸ ਦੀ ਪਛਾਣ ਉਦੈ ਭਾਨ ਦੇ ਪੁੱਤਰ ਆਰੁਸ਼ (3) ਵਜੋਂ ਹੋਈ।ਥਾਣਾ ਡੇਹਲੋਂ ਇੰਚਾਰਜ ਧਰਮਵੀਰ ਸਿੰਘ ਨੇ ਕਿਹਾ ਕਿ ਪੁਲਿਸ ਖ਼ੁਦ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਜਾ ਰਹੀ ਸੀ। ਪਰ ਕੁਝ ਆਗੂਆਂ ਦੇ ਪਿੱਛੇ ਲੱਗ ਕੇ ਉਨ੍ਹਾਂ ਲੋਕਾਂ ਨੇ ਧਰਨਾ ਲਾ ਦਿੱਤਾ। ਲਾਠੀਚਾਰਜ ਜਿਹਾ ਉੱਥੇ ਕੁਝ ਨਹੀਂ ਹੋਇਆ।






