ਜਲੰਧਰ : ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ (ਐੱਨਬੀਆਈ) ਨੇ ਸਿਵਲ ਹਸਪਤਾਲ ਵਿਚ ਮੈਡੀਸਨ, ਸਰਜਰੀ ਤੇ ਐਨੇਸਥੀਸੀਆ ਵਿਚ ਡੀਐੱਨਬੀ (ਡਿਪਲੋਮੈਟ ਆਫ ਨੈਸ਼ਨਲ ਬੋਰਡ) ਤੇ ਐਨੇਸਥੀਸੀਆ ਡਿਪਲੋਮਾ ਦੀਆਂ ਦੋ-ਦੋ ਸੀਟਾਂ ਲਈ ਸਾਲ ਜਨਵਰੀ 2019 ਦੇ ਬੈਚ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਜਸਮੀਤ ਕੌਰ ਬਾਵਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਹੀ ਐੱਨਬੀਆਈ ਨੇ ਈ-ਮੇਲ ਰਾਹੀਂ ਸੀਟਾਂ ਨੂੰ ਮਨਜ਼ੂਰੀ ਦੇਣ ਲਈ ਪੱਤਰ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਿਵਲ ਹਸਪਤਾਲ ਦਾ ਹੁਣ ਮੈਡੀਕਲ ਕਾਲਜ ਦੇ ਬਰਾਬਰ ਦਾ ਰੁਤਬਾ ਹੋਵੇਗਾ ਅਤੇ ਹਸਪਤਾਲ ਵਿਚ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਪੂਰੀ ਹੋਵੇਗੀ ਤੇ ਮਾਲੀਆ ਵੀ ਮਿਲੇਗਾ।ਉਨ੍ਹਾਂ ਦੱਸਿਆ ਕਿ ਡੀਐੱਨਬੀ ਦੇ ਦਾਖ਼ਲੇ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਜੁਲਾਈ ਤਕ ਬੈਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਸ ਦਾ ਕ੍ਰੈਡਿਟ ਹਸਪਤਾਲ ਦੇ ਸਟਾਫ ਦੀ ਮਿਹਨਤ ਨੂੰ ਦਿੱਤਾ।
ਹਸਪਤਾਲ ਨੂੰ ਡੀਐੱਨਬੀ ਤੇ ਡਿਪਲੋਮਾ ਸੀਟਾਂ ਮਿਲਣ ਤੋਂ ਬਾਅਦ ਹਸਪਤਾਲ ਦੇ ਸਟਾਫ ਵਿਚ ਖੁਸ਼ੀ ਦਾ ਮਾਹੌਲ ਹੈ। ਹਾਲਾਂਕਿ ਗਾਇਨੀ ਵਿਭਾਗ ਦੇ ਡਾਕਟਰਾਂ ਤੇ ਸਟਾਫ ਵਿਚ ਉਨ੍ਹਾਂ ਦੇ ਵਿਭਾਗ ਨੂੰ ਡੀਐੱਨਬੀ ਸੀਟਾਂ ਨਾ ਮਿਲਣ ਦੀ ਨਿਰਾਸ਼ਾ ਰਹੀ। ਗਾਇਨੀ ਵਿਭਾਗ ਕਾਰਜਪ੍ਰਣਾਲੀ ਵਿਚ ਖਾਮੀਆਂ ਦੀ ਵਜ੍ਹਾ ਨਾਲ ਸੀਟਾਂ ਮਿਲਣ ਤੋਂ ਪੱਛੜ ਗਿਆ। ਮੈਡੀਕਲ ਸੁਪਰਡੈਂਟ ਡਾ. ਜਸਮੀਤ ਕੌਰ ਬਾਵਾ ਨੇ ਅਗਲੇ ਸਾਲ ਗਾਇਨੀ ਵਿਭਾਗ ਦੀਆਂ ਡੀਐੱਨਬੀ ਦੀਆਂ ਸੀਟਾਂ ਨੂੰ ਹਾਸਲ ਕਰਨ ਦੀ ਗੱਲ ਕਹੀ ਹੈ।ਜ਼ਿਕਰਯੋਗ ਹੈ ਕਿ ਐੱਨਬੀਆਈ ਵਲੋਂ ਫਰਵਰੀ ਮਹੀਨੇ ਵਿਚ ਚਾਰ ਵਿਭਾਗਾਂ ਦੀ ਵਾਰੀ-ਵਾਰੀ ਟੀਮ ਭੇਜ ਕੇ ਇੰਸਪੈਕਸ਼ਨ ਕੀਤੀ ਜਾ ਰਹੀ ਸੀ। ਇਸ ਦੌਰਾਨ ਟੀਮ ਨੇ ਸਬੰਧਿਤ ਵਿਭਾਗ ਵਿਚ ਜਾ ਕੇ ਇਸ ਗੱਲ ਦਾ ਪਤਾ ਲਾਇਆ ਸੀ ਕਿ ਇੱਥੇ ਉਕਤ ਕੋਰਸ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਕਿ ਨਹੀਂ। ਟੀਮ ਦੀ ਰਿਪੋਰਟ ਤੋਂ ਬਾਅਦ ਹੀ ਸਿਵਲ ਹਸਪਤਲਾ ਨੂੰ ਅੱਠ ਸੀਟਾਂ ਮਿਲ ਸਕੀਆਂ ਹਨ।
ਸੰਬੰਧਿਤ ਖ਼ਬਰਾਂ
ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਸਿਵਲ ਹਸਪਤਾਲ ਨੇ ਐੱਨਬੀਆਈ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੂੰ ਲਗਪਗ 7.5 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ। ਡੀਐੱਨਬੀ ਕਰਨ ਵਾਲੇ ਡਾਕਟਰ ਐੱਮਬੀਬੀਐੱਸ ਹੋਣਗੇ ਤੇ ਉਹ ਅਗਲੇ ਤਿੰਨ ਸਾਲ ਤਕ ਸਿਵਲ ਹਸਪਤਾਲ ਵਿਚ ਡੀਐੱਨਬੀ ਕੋਰਸ ਕਰਨਗੇ। ਪਹਿਲੇ ਸਾਲ ਅੱਠ, ਦੂਜੇ ਸਾਲ 16 ਤੇ ਤੀਸਰੇ ਸਾਲ ਹਸਪਤਾਲ ਵਿਚ ਸੇਵਾਵਾਂ ਦੇਣ ਵਾਲੇ ਤੇ ਡੀਐੱਨਬੀ ਕਰਨ ਵਾਲੇ ਡਾਕਟਰਾਂ ਦੀ ਗਿਣਤੀ 24 ਹੋਵੇਗੀ। ਇਸ ਦੇ ਨਾਲ ਹੀ ਹਸਪਤਾਲ ਵਿਚ ਮਾਹਿਰ ਡਾਕਟਰਾਂ ਦੀ ਕਮੀ ਵੀ ਪੂਰੀ ਹੋ ਜਾਵੇਗੀ।
ਪਿਛਲੇ ਸਾਲ ਸਿਵਲ ਹਸਪਤਾਲ ਨੇ ਐੱਨਬੀਆਈ ਨੂੰ ਡੀਐੱਨਬੀ ਦੀਆਂ 16 ਸੀਟਾਂ ਲਈ ਅਰਜ਼ੀ ਦਿੱਤੀ ਸੀ, ਜਿਸ ਵਿਚ ਮੈਡੀਸਨ, ਸਰਜਰੀ, ਗਾਇਨੀ ਤੇ ਐਨਸਥੀਸੀਆ ਦੀਆਂ ਚਾਰ-ਚਾਰ ਸੀਟਾਂ ਸ਼ਾਮਲ ਸਨ। ਸਿਵਲ ਵਿਚ ਕਰੀਬ 85 ਡਾਕਟਰ ਹਨ।ਸਿਵਲ ਹਸਪਤਾਲ ਦੇ ਐੱਸਐੱਮਓ ਦਾ ਕਹਿਣਾ ਹੈ ਕਿ ਡੀਐੱਨਬੀ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ (ਐੱਨਬੀਆਈ) ਵੱਲੋਂ ਦਿੱਤੀ ਜਾਣ ਵਾਲੀ ਡਿਗਰੀ ਦਾ ਨਾਂ ਹੈ। ਡੀਐੱਨਬੀ ਨੂੰ ਐੱਸਐੱਸ ਤੇ ਐੱਮਡੀ ਦੇ ਬਰਾਬਰ ਮੰਨਿਆ ਜਾਂਦਾ ਹੈ। ਕੋਈ ਵੀ ਐੱਮਬੀਬੀਐੱਮ ਵਿਦਿਆਰਥੀ ਐੱਨਬੀਆਈ ਡੀਐੱਨਬੀ ਕਰਨ ਤੋਂ ਬਾਅਦ ਦੇਸ਼ ਦੇ ਸਰਕਾਰੀ ਤੇ ਗ਼ੈਰ-ਸਰਕਾਰੀ ਹਸਪਤਾਲਾਂ ਤੋਂ ਬਤੌਰ ਸਪੈਸ਼ਲਿਸਟ ਕੰਮ ਕਰਨ ਲਈ ਮਾਨਤਾ ਪ੍ਰਾਪਤ ਹੈ।






