ਪਟਿਆਲਾ : ਪਟਿਆਲਾ ਪੁਲਿਸ ਨੇ ਮੰਗਲਵਾਰ ਸ਼ਾਮ ਕਰੀਬ ਛੇ ਵਜੇ ਰਾਜਪੁਰਾ ਜੀਟੀ ਰੋਡ 'ਤੇ ਨਾਕੇ ਦੌਰਾਨ ਇਕ ਕਰੋੜ ਰੁਪਏ ਦੀ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਆਦਰਸ਼ ਚੋਣ ਜ਼ਾਬਤੇ ਤਹਿਤ ਕੀਤੀ ਹੈ। ਇਹ ਰਾਸ਼ੀ ਦੇਹਰਾਦੂਨ ਤੋਂ ਪੰਜਾਬ ਦੇ ਕਿਸੇ ਇਲਾਕੇ 'ਚ ਜਾਣੀ ਸੀ ਪਰ ਜਿਹੜੇ ਵਿਅਕਤੀਆਂ ਕੋਲੋਂ ਇਹ ਰਾਸ਼ੀ ਬਰਾਮਦ ਹੋਈ ਹੈ, ਉਸ ਇਸ ਦਾ ਸਰੋਤ ਨਹੀਂ ਦਸ ਸਕੇ, ਜਿਸ ਕਰਕੇ ਇਹ ਨਕਦੀ ਜ਼ਬਤ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਸੰਬੰਧਿਤ ਖ਼ਬਰਾਂ
ਦੇਰ ਸ਼ਾਮ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸਪੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਇਹ ਸ਼ੱਕੀ ਰਕਮ ਜ਼ਬਤ ਕਰਕੇ ਆਮਦਨ ਕਰ ਵਿਭਾਗ ਦੇ ਨੋਡਲ ਅਫ਼ਸਰ ਨੂੰ ਸੂਚਿਤ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐੱਸ. ਕਰੁਣਾ ਰਾਜੂ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਵਚਨਬੱਧਤਾ ਪ੍ਰਗਟਾਉਂਦਿਆਂ ਪੂਰੀ ਤਰ੍ਹਾਂ ਮੁਸ਼ਤੈਦ ਹੈ।ਐੱਸਪੀ ਗਰੇਵਾਲ ਨੇ ਦੱਸਿਆ ਕਿ ਇਹ ਰਾਸ਼ੀ ਉਤਰਾਖੰਡ ਦੇ ਨੰਬਰ ਵਾਲੀ ਫੋਰਡ ਐਂਡੈਵਰ ਗੱਡੀ ਯੂ.ਕੇ. 07ਡੀਕੇ 4500 'ਚ ਦੋ ਜਣੇ ਬਿਨ੍ਹਾਂ ਕਿਸੇ ਯੋਗ ਦਸਤਾਵੇਜ਼ਾਂ ਦੇ ਲੈ ਕੇ ਪੰਜਾਬ ਆ ਰਹੇ ਸਨ, ਜਿਨ੍ਹਾਂ ਦੀ ਪਛਾਣ ਸੰਦੀਪ ਜੇਠੀ ਪੁੱਤਰ ਮੋਹਨ ਲਾਲ ਜੇਠੀ ਅਤੇ ਬਲਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦੇਹਰਾਦੂਨ ਵਜੋਂ ਹੋਈ ਹੈ|
ਜੋਕਿ ਆਪਣੇ ਆਪ ਨੂੰ ਵਪਾਰੀ ਦੱਸਦੇ ਸਨ ਪਰ ਇਸਦਾ ਕੋਈ ਸਬੂਤ ਨਾ ਦੇ ਸਕੇ।ਉਨ੍ਹਾਂ ਦੱਸਿਆ ਕਿ ਜਸ਼ਨ ਢਾਬੇ ਨੇੜੇ ਲਾਏ ਨਾਕੇ 'ਤੇ ਡੀਐੱਸਪੀ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਐੱਸਐੱਚਓ ਸਦਰ ਰਾਜਪੁਰਾ ਇੰਸਪੈਕਟਰ ਵਿਜੇ ਪਾਲ ਅਤੇ ਚੌਂਕੀ ਬਸੰਤਪੁਰਾ ਦੇ ਇੰਚਾਰਜ ਏਐੱਸਆਈ ਗੁਰਮੀਤ ਸਿੰਘ ਦੀ ਟੀਮ ਨੇ ਇਹ ਰਾਸ਼ੀ ਗੱਡੀ 'ਚ ਪਏ ਇੱਕ ਛੋਟੇ ਬੈਗ ਵਿੱਚੋਂ ਬਰਾਮਦ ਕੀਤੀ। ਇਸ ਰਾਸ਼ੀ 'ਚ 90 ਲੱਖ ਰੁਪਏ 2-2 ਹਜ਼ਾਰ ਰੁਪਏ ਦੇ ਨੋਟ ਸਨ ਅਤੇ 10 ਲੱਖ ਰੁਪਏ 500-500 ਰੁਪਏ ਦੇ ਨੋਟ ਸ਼ਾਮਲ ਸਨ। ਇਸ ਤਰ੍ਹਾਂ ਐਨੀ ਵੱਡੀ ਮਾਤਰਾ 'ਚ ਨਕਦੀ ਲੈ ਕੇ ਜਾਣਾ ਚੋਣ ਜ਼ਾਬਤੇ ਦੀ ਉਲੰਘਣਾ ਹੈ, ਜਿਸ ਲਈ ਮੌਕੇ 'ਤੇ ਆਮਦਨ ਕਰ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਅਤੇ ਇਸ ਮਾਮਲੇ ਦੀ ਅਗਲੇਰੀ ਪੜਤਾਲ ਜਾਰੀ ਹੈ।ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਤੋਂ ਇਸ ਨਕਦੀ ਬਾਬਤ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਪਹਿਲਾਂ ਵੀ ਵੱਡੀ ਮਾਤਰਾ 'ਚ ਨਕਦੀ ਅਤੇ ਨਸ਼ਿਆਂ ਸਮੇਤ ਚਾਂਦੀ ਦੀ ਖੇਪ ਬਰਾਮਦ ਕਰ ਚੁੱਕੀ ਹੈ।






