ਕਪੂਰਥਲਾ : ਚੋਣ ਪ੍ਰਕਿਰਿਆ ਵਿਚ ਜ਼ਿਲਾ ਵਾਸੀਆਂ ਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ 'ਸਿਸਟੇਮੈਟਿਕ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ' (ਸਵੀਪ) ਤਹਿਤ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਇੰਜ. ਡੀ. ਪੀ. ਐਸ ਖਰਬੰਦਾ ਨੇ ਅੱਜ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਵਿਖੇ ਹਸਤਾਖ਼ਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ 'ਸਵੀਪ' ਗਤੀਵਿਧੀਆਂ ਤਹਿਤ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਹਨ ਅਤੇ ਜ਼ਿਲਾ ਵਾਸੀਆਂ ਵੱਲੋਂ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਸੰਬੰਧਿਤ ਖ਼ਬਰਾਂ
ਉਨਾਂ ਸਭਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨ। ਉਨਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ 31 ਮਾਰਚ ਨੂੰ ਕਰਵਾਈ ਜਾ ਰਹੀ 'ਰਨ ਫਾਰ ਵੋਟ, ਰਨ ਫਾਰ ਹੈਲਥ' ਵਿਚ ਵੱਧ-ਚੜ ਕੇ ਸ਼ਮੂਲੀਅਤ ਕਰਨ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ. ਸਤਿੰਦਰ ਬੀਰ ਸਿੰਘ ਨੇ ਦੱਸਿਆ ਕਿ ਸ਼ੁਰੂ ਕੀਤੀ ਗਈ ਹਸਤਾਖ਼ਰ ਮੁਹਿੰਮ ਦਫ਼ਤਰ ਵਿਚ ਆਉਣ ਵਾਲੇ ਅਧਿਆਪਕਾਂ ਅਤੇ ਹੋਰਨਾਂ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਪ੍ਰਤੀ ਸੁਚੇਤ ਕਰੇਗੀ। ਉਨਾਂ ਕਿਹਾ ਕਿ ਦਫ਼ਤਰ ਆਉਣ ਵਾਲੇ ਹਰੇਕ ਵਿਅਕਤੀ ਨੂੰ ਇਸ ਹਸਤਾਖ਼ਰ ਮੁਹਿੰਮ ਵਿਚ ਸ਼ਾਮਿਲ ਕਰਨਾ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਉਹ ਆਪਣੀ ਵੋਟ ਦਾ ਪ੍ਰਯੋਗ ਸਹੀ ਤਰੀਕੇ ਨਾਲ ਕਰਕੇ ਲੋਕਤੰਤਰ ਦੀ ਮਜ਼ਬੂਤੀ ਵਿਚ ਆਪਣਾ ਯੋਗਦਾਨ ਦੇ ਸਕਣ।
ਇਸ ਮੌਕੇ ਜ਼ਿਲਾ ਸਪੈਸ਼ਲ ਐਜੂਕੇਟਰ ਗੋਪਾਲ ਕ੍ਰਿਸ਼ਨ, ਸਹਾਇਕ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਦਵਿੰਦਰ ਪਾਲ ਸਿੰਘ ਆਹੂਜਾ, ਸਤੀਸ਼ ਕੁਮਾਰ, ਪ੍ਰਾਣ, ਜਗਦੀਸ਼ ਕੁਮਾਰ, ਕੁਲਵਿੰਦਰ ਕੌਰ, ਸ਼ੀਤਲ, ਸਿਧਾਰਥ, ਬੀ. ਪੀ. ਈ. ਓ ਗੁਰਮੀਤ ਸਿੰਘ, ਕੁਲਵੰਤ ਕੌਰ ਤੇ ਰਜਿੰਦਰ ਸਿੰਘ, ਪੰਕਜ, ਮਿਡ-ਡੇ-ਮੀਲ ਕੋਆਰਡੀਨੇਟਰ ਅਜੇ ਕੁਮਾਰ, ਸੁਨੀਤਾ ਕੁਮਾਰੀ, ਜਗਦੀਪ ਕੌਰ, ਗੁਰਬਖਸ਼ ਕੌਰ, ਕਾਨੂੰਨੀ ਸਲਾਹਕਾਰ ਹਰਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਸਾਹਿਬਾਨ ਹਾਜ਼ਰ ਸਨ।






