ਐੱਸਏਐੱਸ ਨਗਰ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਦੇ ਡਬਲ ਬੈਂਚ ਨੇ ਨਸ਼ਾ ਛਡਾਉ ਕੇਂਦਰਾਂ 'ਚ ਵੇਚੀ ਜਾ ਰਹੀ ਨਸ਼ਾ ਛੁਡਾਉ ਦਵਾਈ 'ਬੁਪਰੀਨਾਰਫਿਨ' ਦੀ ਦੁਰਵਰਤੋਂ ਨੂੰ ਰੋਕਣ ਲਈ ਇਸ ਦੀ ਕੇਂਦਰ ਸਰਕਾਰ ਵਲੋਂ ਖੁੱਲ੍ਹੇਆਮ ਵਿਕਰੀ ਦੀ ਛੂਟ 'ਤੇ ਪੂਰੇ ਭਾਰਤ ਵਿਚ ਹੀ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਡਰੱਗ ਕੰਟਰੋਲਰ ਵੱਲੋਂ 28 ਮਾਰਚ 2019 ਨੂੰ ਇਸ ਦਵਾਈ ਦੀ ਖੁੱਲ੍ਹੀ ਛੂਟ ਦਿੱਤੀ ਗਈ ਸੀ। ਵਰਨਣਯੋਗ ਹੈ ਕਿ ਇਸੇ ਸਰਕਾਰੀ ਹੁਕਮਾਂ ਦੇ ਆਧਾਰ 'ਤੇ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਸਪੈਸ਼ਲ ਟਾਸਕ ਫੋਰਸ ਨੇ ਵੀ 6 ਮਈ 2019 ਨੂੰ ਪੰਜਾਬ ਦੇ ਸਮੂਹ ਕਮਿਸ਼ਨਰਾਂ ਅਤੇ ਜ਼ਿਲ੍ਹਾ ਮੁਖੀਆਂ ਨੂੰ ਇਸ ਆਰਡਰ ਅਨੁਸਾਰ ਕਾਰਵਾਈ ਦੇ ਹੁਕਮ ਜਾਰੀ ਕੀਤੇ ਸਨ।ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਡਾ. ਪਰਮਜੀਤ ਸਿੰਘ ਰਾਣੂੰ ਨੇ ਇਕ ਜਨਹਿੱਤ ਪਟੀਸ਼ਨ ਪਾ ਕੇ ਇਸ ਕੋਝੀ ਸਾਜਿਸ਼ ਨੂੰ ਬੇਨਕਾਬ ਕੀਤਾ ਹੈ ਕਿ ਮਨੋਰੋਗੀ ਡਾਕਟਰ ਜੇ ਬਿਨਾ ਲਾਇਸੰਸ ਤੋਂ ਇਸ ਦਵਾਈ ਨੂੰ ਖੁੱਲ੍ਹੇਆਮ ਵੇਚਣਗੇ ਤਾਂ ਇਸ ਦੀ ਦੁਰਵਰਤੋ ਹੋਵੇਗੀ।
ਸੰਬੰਧਿਤ ਖ਼ਬਰਾਂ
ਇਸ ਨਾਲ ਬਿਨਾ ਸਰਕਾਰੀ ਕੰਟਰੋਲ ਤੋਂ ਨਵੇਂ ਨਸ਼ੇ ਦਾ ਦਰਿਆ ਪੰਜਾਬ ਵਿਚ ਵਗ ਪਵੇਗਾ ਕਿਉਕਿ ਇਹ ਦਵਾਈ ਅਫੀਮ ਤੋਂ ਬਣਦੀ ਹੈ ਪਰ ਸਈਕੋਟਰੋਪਿਕ ਡਰੱਗ ਹੈ ਜੋ ਕੈਮੀਕਲ ਹੈ ਅਤੇ ਨਸ਼ਾ ਛੁਡਵਾਉਣ ਲਈ ਦਿੱਤੀ ਜਾਂਦੀ ਹੈ। ਇਸ ਦੀ ਲੰਬਾ ਸਮਾਂ ਵਰਤੋਂ ਵੀ ਮਰੀਜ਼ ਨੂੰ ਉਸ ਦਾ ਆਦੀ ਕਰ ਦਿੰਦਾ ਹੈ। ਕਈ ਵਾਰ ਇਸ ਨੂੰ ਨਸ਼ੇੜੀ ਰਗੜ ਕੇ ਇਸ ਦੇ ਟੀਕੇ ਵੀ ਲਗਾ ਰਹੇ ਹਨ।ਅਦਾਲਤ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਆਮ ਜਨਤਾ ਦੇ ਹਿੱਤ ਵਿੱਚ ਸਮਝਦੇ ਹੋਏ ਕੇਂਦਰ ਸਰਕਾਰ ਨੂੰ ਸਖ਼ਤੀ ਨਾਲ ਕਿਹਾ ਕਿ ਇਸ ਤਰ੍ਹਾਂ ਕੋਈ ਵੀ ਬਿਨਾ ਲਾਇਸੰਸ ਤੋ ਇਸ ਦਵਾਈ ਨੂੰ ਵੇਚਣ ਲੱਗ ਜਾਵੇਗਾ। ਅਦਾਲਤ ਨੇ ਉਕਤ ਆਰਡਰ 'ਤੇ ਰੋਕ ਲਗਾ ਕੇ ਕੇਂਦਰ ਸਰਕਾਰ ਦੇ ਸਿਹਤ ਵਿਭਾਗ ਦੇ ਸਕੱਤਰ, ਡਰੱਗ ਕੰਟਰੋਲਰ ਜਨਰਲ ਆਫ ਇੰਡੀਆ, ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਪੰਜਾਬ ਸਿਹਤ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਨੂੰ ਨੋਟਿਸ ਜਾਰੀ ਕਰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਰੱਖ ਦਿੱਤੀ ਹੈ।






