ਚੰਡੀਗੜ੍ (ਇੰਦਰਜੀਤ ਸਿੰਘ ਚਾਹਲ) : ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਬਹਿਸ ਵਿਚ ਹਿੱਸਾ ਲੈਂਦਿਆਂ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਗਰਾਂਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਫ਼ਸਰ ਮੰਤਰੀਆਂ ਨੂੰ ਸਹੀ ਜਾਣਕਾਰੀ ਨਹੀਂ ਦਿੰਦੇ।ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਅਫ਼ਸਰਾਂ ਨੂੰ ਖਰੀਆਂ-ਖ਼ਰੀਆ ਸੁਣਾਈਆਂ। ਉਨ੍ਹਾਂ ਸਾਲ 2015-16 ਦੌਰਾਨ ਕੇਂਦਰ ਸਰਕਾਰ ਵੱਲੋਂ ਭੇਜੀ 60 ਕਰੋੜ ਰੁਪਏ ਦੀ ਗਰਾਂਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਗਰਾਂਟ ਵਿਚੋਂ 25 ਕਰੋੜ ਰੁਪਏ ਖਰਚ ਕੀਤੇ ਗਏ ਅਤੇ ਗ੍ਰਾਂਟ ਦਾ ਵਰਤੋ ਸਰਟੀਫਿਕੇਟ (ਯੂਸੀ) ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਅਧਿਕਾਰੀ ਮੰਤਰੀਆਂ ਨੂੰ ਸਹੀ ਜਾਣਕਾਰੀ ਨਹੀਂ ਦਿੰਦੇ।
ਸੰਬੰਧਿਤ ਖ਼ਬਰਾਂ
ਰਵਾਇਤ ਮੁਤਾਬਕ ਸੱਤਾ ਧਿਰ ਦੇ ਵਿਧਾਇਕਾਂ ਵੱਲੋਂ ਸਰਕਾਰ ਦੇ ਕੀਤੇ ਜਾਂਦੇ ਗੁਣਗਾਨ ਦੇ ਉਲਟ ਅੱਜ ਰਾਣਾ ਗੁਰਜੀਤ ਨੇ ਸਮੱਸਿਆਵਾਂ ਦੇ ਹੱਲ ਲਈ ਸੁਝਾਅ ਪੇਸ਼ ਕੀਤੇ। ਰਾਣਾ ਨੇ ਅੱਜ ਫਿਰ ਦੋਆਬਾ ਨਾਲ ਪੱਖਪਾਤ ਹੋਣ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਦੋਆਬਾ ਦਾ 19 ਫ਼ੀਸਦੀ ਖਿੱਤਾ ਹੈ ਪਰ ਦੋਆਬਾ ਨੂੰ ਖਿੱਤੇ ਮੁਤਾਬਕ ਪਾਣੀ ਨਹੀਂ ਮਿਲ ਰਿਹਾ। ਦਸਮੇਸ਼ ਨਹਿਰ ਬਣਾਉਣ ਦੀ ਮੰਗ ਕਰਦਿਆਂ ਰਾਣਾ ਨੇ ਮਾਝਾ, ਮਾਲਵਾ ਤੇ ਦੋਆਬਾ ਦੇ ਖੇਤਰਫ਼ਲ ਅਨੁਸਾਰ ਸਾਰੇ ਸਾਧਨਾਂ ਦੀ ਵੰਡ ਹੋਣੀ ਚਾਹੀਦੀ ਹੈ।ਰਾਣਾ ਨੇ ਕਿਹਾ ਕਿ ਫਸਲੀ ਵਿਭਿੰਨਤਾ ਅਪਣਾਉਣ ਵਾਲੇ ਕਿਸਾਨ ਦੀ ਕਿਸੇ ਸਰਕਾਰ ਨੇ ਬਾਂਹ ਨਹੀਂ ਫੜੀ।
ਰਾਣਾ ਨੇ ਕਿਹਾ ਕਿ ਮੱਕੀ 600-700 ਕੁਇੰਟਲ ਵਿਕਦੀ ਹੈ ਪਰ ਜਦੋਂ ਵਪਾਰੀਆਂ ਕੋਲ੍ਹ ਜਾਂਦੀ ਹੈ ਤਾਂ 1200 ਰੁਪਏ ਪ੍ਤੀ ਕੁਇੰਟਲ ਵਿਕਦੀ ਹੈ। ਉਨ੍ਹਾਂ ਸਰਕਾਰ ਨੂੰ ਬਾਹਰੋ ਪੰਜਾਬ ਵਿਚ ਆਉਣ ਵਾਲੀ ਮੱਕੀ 'ਤੇ ਰੋਕ ਲਗਾਉਣ ਅਤੇ ਕਿਸਾਨਾਂ ਨਾਲ ਪਹਿਲਾਂ ਹੀ ਮੱਕੀ ਬਾਰੇ ਐਗਰੀਮੈਂਟ ਕਰਨ ਦੀ ਸਲਾਹ ਦਿੱਤੀ।ਉਨ੍ਹਾਂ ਚੁਕੰਦਰ ਤੋਂ ਚੀਨੀ ਬਣਾਉਣ ਵਾਲੀ ਮਿੱਲ ਲਗਾਉਣ ਦੀ ਮੰਗ ਕਰਦਿਆਂ ਵਾਤਾਵਰਨ ਵਿਚ ਆ ਰਹੇ ਬਦਲਾਅ ਨੂੰ ਦੇਖਦਿਆਂ ਸੋਲਰ ਪੈਨਲ ਲਗਾਉਣ ਦੀ ਸਲਾਹ ਦਿੱਤੀ ਅਤੇ ਕਿਸਾਨਾਂ ਨੂੰ ਟਿਊਬਵੈਲਾਂ 'ਤੇ ਸੋਲਰ ਪਲਾਂਟ ਲਗਾਉਣ ਲਈ ਪ੍ਰੇਰਿਤ ਕਰਨ ਦੀ ਗੱਲ ਕਹੀ।ਬਹਿਸ ਵਿਚ ਹਿੱਸਾ ਲੈਂਦਿਆਂ ਕਾਂਗਰਸੀ ਵਿਧਾਇਕਾਂ ਡਾ. ਰਾਜ ਕੁਮਾਰ ਚੱਬੇਵਾਲ, ਸੁਖਪਾਲ ਸਿੰਘ ਭੁੱਲਰ, ਕੁਲਦੀਪ ਵੈਦ, ਤਰਸੇਮ ਡੀਸੀ ਨੇ ਬਜਟ ਦੀ ਸਲਾਘਾ ਕੀਤੀ ਜਦੋਂ ਕਿ ਵਿਰੋਧੀ ਧਿਰ ਦੇ ਵਿਧਾਇਕ ਕੁਲਤਾਰ ਸੰਧਵਾ, ਪਿ੍ੰਸੀਪਲ ਬੁੱਧ ਰਾਮ, ਮੀਤ ਹੇਅਰ, ਐੱਨਕੇ ਸ਼ਰਮਾ ਤੇ ਪਰਮਿੰਦਰ ਢੀਂਡਸਾ ਨੇ ਬਜਟ ਦੀ ਆਲੋਚਨਾ ਕਰਦਿਆਂ ਇਸ ਨੂੰ ਲੋਕ ਵਿਰੋਧੀ ਦੱਸਿਆ।






