ਗੁਰੂਹਰਸਹਾਏ : ਡੇਰਾ ਸਿਰਸਾ ਦੀ ਸਾਧ-ਸੰਗਤ ਨੇ ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ 'ਤੇ ਸਥਿਤ ਨਾਮ ਚਰਚਾ ਘਰ ਸੈਦੇ ਕੇ ਮੋਹਨ ਵਿਖੇ ਕਈ ਜਿਲ੍ਹਿਆਂ ਤੋਂ ਸੰਗਤ ਦਾ ਇਕੱਠ ਕੀਤਾ। ਡੇਰੇ ਦੇ ਰਾਜਨੀਤਕ ਵਿੰਗ ਵੱਲੋਂ ਸੰਗਤ ਨੂੰ ਇਕੱਤਰ ਕਰਨ ਲਈ ਭਾਵੇਂ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਦਾ ਹੋਕਾ ਦਿੱਤਾ ਗਿਆ ਸੀ ਪਰ ਸਿਆਸੀ ਮਾਹਿਰ ਇਸ ਨੂੰ ਰਾਜਨੀਤਿਕ ਵਿੰਗ ਵੱਲੋਂ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਵਜੋਂ ਵੇਖ ਰਹੇ ਹਨ। ਇਸ ਤੋਂ ਪਹਿਲਾਂ ਡੇਰੇ ਵਿਚ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਨਾਮ ਚਰਚਾ ਕੀਤੀ ਗਈ, ਜਿਸ ਵਿਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਮਰਦਾਂ, ਅੌਰਤਾਂ, ਬੱਚਿਆਂ ਤੇ ਬਜ਼ੁਰਗਾਂ ਨੇ ਬੱਸਾਂ, ਕਾਰਾਂ, ਟਰੱਕਾਂ, ਮੋਟਰਸਾਈਕਲਾਂ ਰਾਹੀਂ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ।
ਸੰਬੰਧਿਤ ਖ਼ਬਰਾਂ
ਨਾਮ ਚਰਚਾ ਦੌਰਾਨ ਸੂਫੀ ਗਾਇਕ ਗੁਰਪ੍ਰੀਤ ਸਿੱਧੂ ਨੇ ਸ਼ਬਦਾਂ ਰਾਹੀਂ ਸਾਧ ਸੰਗਤ 'ਚ ਜੋਸ਼ ਭਰਿਆ ਗਿਆ। ਪ੍ਰਬੰਧਕੀ ਟੀਮ ਪ੍ਰੇਮੀ ਮੋਹਨ ਲਾਲ, ਰਾਜਨੀਤਕ ਵਿੰਗ ਦੇ ਸਿੰਦਰਪਾਲ ਸਿੰਘ ਤੇ ਹੋਰ 45 ਮੈਂਬਰੀ ਟੀਮ ਵੱਲੋਂ ਸਾਧ ਸੰਗਤ ਨੂੰ ਇਕਜੁੱਟ ਰਹਿਣ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਨੀਤਿਕ ਵਿੰਗ ਦੇ ਆਗੂ ਸਿੰਦਰਪਾਲ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਏਕੇ ਦਾ ਸਬੂਤ ਦਿੱਤਾ ਹੈ ਤੇ ਵੋਟਾਂ ਸਬੰਧੀ ਜੋ ਵੀ ਫੈਸਲਾ ਸਾਧ ਸੰਗਤ ਕਰੇਗੀ, ਉਸ 'ਤੇ ਫੁੱਲ ਚੜ੍ਹਾਏ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਉਨ੍ਹਾਂ ਵੱਲੋਂ ਸੰਪਰਕ ਨਹੀਂ ਕੀਤਾ ਜਾ ਰਿਹਾ ਅਤੇ ਸਾਧ ਸੰਗਤ ਦਾ ਏਕੇ ਵਿਚ ਲਿਆ ਫੈਸਲਾ ਹੀ ਆਖਰੀ ਫੈਸਲਾ ਹੋਵੇਗਾ।
ਇਸ ਨਾਮ ਚਰਚਾ ਦੌਰਾਨ ਚਾਹੇ ਰਾਜਨੀਤਿਕ ਵਿੰਗ ਵੱਲੋਂ ਪੱਤੇ ਨਹੀਂ ਖੋਲ੍ਹੇ ਗਏ ਪਰ ਪ੍ਰੇਮੀਆਂ ਦੇ ਇਸ ਇਕੱਠ ਨੇ ਖੁੰਢ ਚਰਚਾ ਜ਼ਰੂਰ ਛੇੜ ਦਿੱਤੀ ਹੈ। ਉਧਰ ਇਕੱਠ ਵਿਚ ਮੌਜੂਦ ਕੁੱਝ ਲੋਕਾਂ ਵੱਲੋਂ ਇਸ ਵਾਰ ਅਕਾਲੀ ਦਲ ਬਾਦਲ ਦੇ ਹੱਕ 'ਚ ਭੁਗਤਣ ਦੀ ਵੀ ਚਰਚਾ ਸੀ। ਡੇਰੇ ਨਾਲ ਜੁੜੇ ਸੂਤਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨਾਲ ਜੁੜੇ ਹੋਣ ਕਾਰਨ ਹੀ ਅਕਾਲੀ ਦਲ ਬਾਦਲ ਇਸ ਵਾਰ ਬਹੁਤ ਜ਼ਿਆਦਾ ਮਾੜੇ ਦੌਰ 'ਚੋਂ ਗੁਜ਼ਰ ਰਿਹਾ ਹੈ ਅਤੇ ਕਾਂਗਰਸ ਸਰਕਾਰ ਵੱਲੋਂ ਬਣਾਈ ਸਿਟ ਵੀ ਅਕਾਲੀਆਂ ਨੂੰ ਡੇਰਾ ਸੱਚਾ ਸੌਦਾ ਨਾਲ ਸਬੰਧਾਂ ਕਾਰਨ ਹੀ ਪਰੇਸ਼ਾਨ ਕਰ ਰਹੀ ਹੈ।



