|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੀਏਯੂ ਵਿੱਚ ਕਿਸਾਨ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ

ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪੰਜਾਬ ਦੇ ਕਿਸਾਨਾਂ ਦੀ ਰਹਿਨੁਮਾਈ ਕਰਨ ਲਈ ਵਚਨਬੱਧ ਅਦਾਰਾ ਹੈ ਜੋ ਖੇਤੀ ਖੋਜਾਂ ਕਰਨ ਦੇ ਨਾਲ-ਨਾਲ ਇਹਨਾਂ ਨੂੰ ਕਿਸਾਨਾਂ ਤੱਕ ਪਸਾਰਨ ਲਈ ਵੀ ਲਗਾਤਾਰ ਯਤਨਸ਼ੀਲ ਰਹਿੰਦਾ ਹੈ। ਇਸੇ ਲਈ ਇਸ ਵੱਲੋਂ ਹਰ ਸਾਲ ਲਾਏ ਜਾਂਦੇ ਹਾੜ੍ਹੀ-ਸਾਉਣੀ ਦੇ ਕਿਸਾਨ ਮੇਲੇ ਕਿਸਾਨਾਂ ਵਿੱਚ ਬਹੁਤ ਹਰਮਨ ਪਿਆਰੇ ਹਨ ਜਿੱਥੋਂ ਉਹ ਆ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪੰਜਾਬ ਦੇ ਕਿਸਾਨਾਂ ਦੀ ਰਹਿਨੁਮਾਈ ਕਰਨ ਲਈ ਵਚਨਬੱਧ ਅਦਾਰਾ ਹੈ ਜੋ ਖੇਤੀ ਖੋਜਾਂ ਕਰਨ ਦੇ ਨਾਲ-ਨਾਲ ਇਹਨਾਂ ਨੂੰ ਕਿਸਾਨਾਂ ਤੱਕ ਪਸਾਰਨ ਲਈ ਵੀ ਲਗਾਤਾਰ ਯਤਨਸ਼ੀਲ ਰਹਿੰਦਾ ਹੈ। ਇਸੇ ਲਈ ਇਸ ਵੱਲੋਂ ਹਰ ਸਾਲ ਲਾਏ ਜਾਂਦੇ ਹਾੜ੍ਹੀ-ਸਾਉਣੀ ਦੇ ਕਿਸਾਨ ਮੇਲੇ ਕਿਸਾਨਾਂ ਵਿੱਚ ਬਹੁਤ ਹਰਮਨ ਪਿਆਰੇ ਹਨ ਜਿੱਥੋਂ ਉਹ ਆਉਣ ਵਾਲੀ ਫ਼ਸਲ ਦੇ ਬੀਜ ਅਤੇ ਹੋਰ ਖੇਤੀ ਸਮੱਗਰੀ ਬਾਰੇ ਆਪਣੀ ਜਾਣਕਾਰੀ ਨਵਿਆਉਂਦੇ ਰਹਿੰਦੇ ਹਨ ਅਤੇ ਲੋੜ ਅਨੁਸਾਰ ਲੈ ਵੀ ਜਾਂਦੇ ਹਨ।

ਪੀਏਯੂ ਵੱਲੋਂ ਮਾਰਚ ਮਹੀਨੇ ਸਾਉਣੀ ਦੇ ਮੇਲੇ ਲਗਾਏ ਜਾ ਰਹੇ ਹਨ। 15-16 ਮਾਰਚ ਨੂੰ ਇਸ ਦੇ ਲੁਧਿਆਣਾ ਕੈਂਪਸ ਵਿੱਚ ਮੇਲਾ ਲੱਗੇਗਾ ਜੋ ਸਭ ਤੋਂ ਵੱਡਾ ਮੇਲਾ ਗਿਣਿਆ ਜਾਂਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਕਿਸਾਨ ਵੀਰ ਅਤੇ ਬੀਬੀਆਂ ਇੱਥੇ ਆ ਕੇ ਜਿੱਥੇ ਖੇਤੀ ਉਦਯੋਗ, ਖੇਤੀ ਸਮੱਗਰੀ, ਖੇਤੀ ਸਾਹਿਤ ਅਤੇ ਖੇਤ ਪ੍ਰਦਰਸ਼ਨੀਆਂ ਦੇਖ ਸਕਣਗੇ ਉਥੇ ਪੌਦਿਆਂ ਦੇ ਰੋਗਾਂ, ਮਿੱਟੀ-ਪਾਣੀ ਦੀ ਪਰਖ ਅਤੇ ਹੋਰ ਤਕਨੀਕੀ ਜਾਣਕਾਰੀ ਲੈ ਸਕਣਗੇ। ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਲਈ ਵੱਖ-ਵੱਖ ਪ੍ਰਦਰਸ਼ਨੀਆਂ ਉਪਰ ਅਤੇ ਸਟੇਜ ਦੇ ਨੇੜੇ ਪਸਾਰ ਮਾਹਿਰ ਹਾਜ਼ਰ ਰਹਿਣਗੇ ਜੋ ਉਹਨਾਂ ਦੇ ਸਵਾਲਾਂ ਦਾ ਮੌਕੇ ਤੇ ਹੀ ਜਵਾਬ ਦੇਣਗੇ । ਕਿਸਾਨ ਆਪਣੇ ਖੇਤਾਂ ਵਿੱਚ ਉਗਾਈਆਂ ਸਬਜ਼ੀਆਂ ਅਤੇ ਫ਼ਲਾਂ ਦੇ ਬਿਹਤਰੀਨ ਨਮੂਨੇ ਮੁਕਾਬਲੇ ਵਿੱਚ ਰੱਖ ਸਕਣਗੇ ਅਤੇ ਵੱਖ-ਵੱਖ ਕਿਸਮਾਂ ਦੀਆਂ ਕੈਟਾਗਰੀਆਂ ਵਿੱਚ ਇਨਾਮ ਜਿੱਤ ਸਕਣਗੇ।

ਡਾ. ਮਾਹਲ ਨੇ ਕਿਹਾ ਕਿ ਜਿੱਥੇ ਪੀਏਯੂ ਦੀਆਂ ਸੁਧਰੀਆਂ ਕਿਸਮਾਂ ਸਦਕਾ ਅਸੀਂ ਫ਼ਸਲਾਂ ਦਾ ਚੰਗਾ ਝਾੜ ਲੈਣ ਵਿੱਚ ਸਫ਼ਲ ਹੋਏ ਹਾਂ ਉਥੇ ਪੰਜਾਬ ਦੇ ਕਿਸਾਨ ਦੀ ਮਿਹਨਤ ਨੂੰ ਵੀ ਸਲਾਮ ਕਰਨਾ ਬਣਦਾ ਹੈ। ਪੰਜਾਬ ਦੇ ਉਦਮੀ ਕਿਸਾਨ ਪੀਏਯੂ ਦੀਆਂ ਸਿਫ਼ਾਰਸ਼ਾਂ ਅਪਣਾਉਂਦੇ ਹਨ ਅਤੇ ਖੇਤੀ ਨਾਲ ਸੰਬੰਧਤ ਵੱਖੋ-ਵੱਖਰੇ ਖੇਤਰਾਂ ਵਿੱਚ ਨਵੀਆਂ ਪੈੜਾਂ ਪਾਉਂਦੇ ਹਨ । ਪੀਏਯੂ ਅਜਿਹੇ ਕਿਸਾਨਾਂ ਦਾ ਇਹਨਾਂ ਮੇਲਿਆਂ ਉਪਰ ਸਨਮਾਨ ਕਰਦੀ ਹੈ। ਇਸ ਮੇਲੇ ਵਿੱਚ ਵੀ ਬਾਗਬਾਨੀ, ਫੁੱਲਾਂ ਦੀ ਖੇਤੀ ਅਤੇ ਕੁਦਰਤੀ ਸਰੋਤਾਂ ਨੂੰ ਸੰਭਾਲਣ ਵਾਲੀਆਂ ਤਕਨੀਕਾਂ ਅਪਨਾਉਣ ਵਾਲੇ ਚਾਰ ਕਿਸਾਨਾਂ ਦਾ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਪਿੰਡ ਜਿੰਦਾਂਵਾਲਾ, ਜਿਲ੍ਹਾ ਤਰਨਤਾਰਨ ਦਾ ਅਗਾਂਹਵਧੂ ਬਾਗਬਾਨ ਸ. ਗੁਰਵਿੰਦਰ ਸਿੰਘ ਸੰਧੂ ਨੂੰ ਮੁਖ ਮੰਤਰੀ ਪੁਰਸਕਾਰ, ਪਿੰਡ ਬੁਰਜ ਢਿੱਲਵਾਂ, ਜਿਲ੍ਹਾ ਮਾਨਸਾ ਦਾ ਅਗਾਂਹਵਧੂ ਕਿਸਾਨ ਸ. ਸਰਬਜੀਤ ਸਿੰਘ ਢਿੱਲੋਂ ਨੂੰ ਮੁਖ ਮੰਤਰੀ ਪੁਰਸਕਾਰ, ਪਿੰਡ ਬੀਰਾਵਾਲ ਜਿਲ੍ਹਾ ਪਟਿਆਲਾ ਦੇ ਕਿਸਾਨ ਸ. ਪ੍ਰਦੀਪ ਸਿੰਘ ਨੂੰ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਅਤੇ ਲਾਂਬੜਾਂ ਜਿਲ੍ਹਾ ਜਲੰਧਰ ਦੇ ਰੋਹਿਤ ਗੁਪਤਾ ਨੂੰ ਖੇਤੀ ਵਿੱਚ ਪਾਣੀ ਪ੍ਰਬੰਧ ਲਈ ਆਧੁਨਿਕ ਤਕਨਾਲੋਜੀ ਅਪਨਾਉਣ ਸਦਕਾ ਸੀ ਆਰ ਆਈ ਪੰਪਸ ਐਵਾਰਡ ਦਿੱਤੇ ਜਾਣਗੇ ।

ਸੰਬੰਧਿਤ ਖ਼ਬਰਾਂ

ਪੀਏਯੂ ਦੇ ਸਹਿਯੋਗੀ ਨਿਰਦੇਸ਼ਕ (ਬੀਜ) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੇਲੇ ਵਿੱਚ ਵੱਖ-ਵੱਖ ਫ਼ਸਲਾਂ ਅਤੇ ਸਬਜ਼ੀਆਂ ਦੇ ਬੀਜ ਕਿਸਾਨ ਲੈ ਸਕਦੇ ਹਨ । ਝੋਨੇ ਦੀ ਕਿਸਮ ਪੀ ਆਰ 126 ਅਤੇ ਪੀ ਆਰ 121 ਦੇ ਨਾਲ-ਨਾਲ ਬਾਸਮਤੀ ਅਤੇ ਝੋਨੇ ਦੀਆਂ ਹੋਰ ਕਿਸਮਾਂ ਦੇ ਬੀਜਾਂ ਦੇ ਨਾਲ-ਨਾਲ ਗਰਮੀ ਰੁੱਤ ਦੀ ਮੂੰਗੀ, ਮਾਂਹ, ਸੋਇਆਬੀਨ, ਤਿਲ਼ ਅਤੇ ਹਰੇ ਚਾਰੇ ਵਾਲੀਆਂ ਫ਼ਸਲਾਂ ਦੇ ਬੀਜ ਅਤੇ ਘਰੇਲੂ ਬਗੀਚੀ ਲਈ ਸਬਜ਼ੀ ਦੀਆਂ ਕਿੱਟਾਂ ਵੀ ਇੱਥੋਂ ਲਈਆਂ ਜਾ ਸਕਦੀਆਂ ਹਨ । ਇਸ ਵਾਰ ਪੀਏਯੂ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਕੰਪਿਊਟਰਾਈਜ਼ਡ ਸਿੰਗਲ ਵਿੰਡੋ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਕਿਸਾਨ ਇੱਕ ਹੀ ਖਿੜਕੀ ਤੋਂ ਸਾਰੀਆਂ ਫ਼ਸਲਾਂ ਅਤੇ ਸਬਜ਼ੀਆਂ ਦੇ ਬੀਜਾਂ ਦੀ ਪਰਚੀ ਲੈ ਸਕਣਗੇ ।

ਮੇਲਾ ਥੀਮ : ਇਸ ਵਾਰ ਸਾਉਣੀ ਦੇ ਕਿਸਾਨ ਮੇਲੇ ਦਾ ਥੀਮ 'ਜਿਣਸਾਂ ਤੋਂ ਉਤਪਾਦ ਬਣਾਈਏ, ਖੇਤੀ ਮੁਨਾਫ਼ਾ ਹੋਰ ਵਧਾਈਏ' ਰੱਖਿਆ ਗਿਆ ਹੈ । ਇਸਦਾ ਮਕਸਦ ਪੰਜਾਬ ਦੇ ਮਿਹਨਤੀ ਕਿਸਾਨ ਨੂੰ ਫ਼ਸਲਾਂ ਦੀ ਪ੍ਰੋਸੈਸਿੰਗ ਨਾਲ ਸੰਬੰਧਤ ਛੋਟੇ ਉਦਯੋਗ ਵੱਲ ਤੋਰਨਾ ਹੈ । ਇਸ ਸੰਬੰਧੀ ਪੀਏਯੂ ਵਿਖੇ ਲਗਾਤਾਰ ਸਿਖਲਾਈਆਂ ਦਿੱਤੀਆਂ ਜਾ ਰਹੀਆਂ ਹਨ ਜਿੱਥੇ ਕਿਸਾਨ ਦਾਲਾਂ, ਹਲਦੀ, ਟਮਾਟਰ, ਆਲੂ ਆਦਿ ਨੂੰ ਪ੍ਰੋਸੈਸ ਕਰਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ । ਇਸਦੀ ਜਾਣਕਾਰੀ ਦੇਣ ਲਈ ਸੰਬੰਧਤ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ ਜਿੱਥੋਂ ਕਿਸਾਨ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹਨ ।

ਹੋਮ ਸਾਇੰਸ ਕਾਲਜ ਵੱਲੋਂ ਭੋਜਨ ਪ੍ਰਬੰਧ, ਸਿਹਤ ਅਤੇ ਸੰਤੁਲਿਤ ਖੁਰਾਕ ਬਾਰੇ ਜਾਣਕਾਰੀ ਦੇਣ ਵਾਲੇ ਸਟਾਲ ਹੋਣਗੇ। ਇੱਥੋਂ ਸਿਖਲਾਈ ਲੈ ਕੇ ਆਪਣਾ ਕੰਮ ਕਰ ਰਹੀਆਂ ਉਦਮੀ ਔਰਤਾਂ ਵੱਲੋਂ ਕੱਪੜੇ, ਸਵੈਟਰ, ਅਚਾਰ, ਮੁਰੱਬੇ, ਚਟਨੀਆਂ ਅਤੇ ਸਜਾਵਟੀ ਵਸਤਾਂ ਦੇ ਸਟਾਲ ਵੀ ਇੱਥੇ ਦੇਖਣ ਨੂੰ ਮਿਲਣਗੇ । ਕਿਸਾਨ ਮੇਲੇ ਦੌਰਾਨ ਪੀਏਯੂ ਵਿੱਚ ਦਾਖਲ ਹੋਣ ਲਈ ਕਿਸਾਨ ਆਪਣੀ ਸਹੂਲਤ ਲਈ ਗੇਟ ਨੰ. 5, 8 ਅਤੇ 4 ਦੀ ਵਰਤੋਂ ਕਰ ਸਕਦੇ ਹਨ । ਭਾਰੀ ਗੱਡੀਆਂ ਕੇਵਲ ਗੇਟ ਨੰ. 8 ਵਿੱਚੋਂ ਅੰਦਰ ਆ ਸਕਣਗੀਆਂ । ਡਾ. ਜਸਕਰਨ ਸਿੰਘ ਮਾਹਲ ਨੇ ਇਹਨਾਂ ਮੇਲਿਆਂ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਨੂੰ ਹਾਰਦਿਕ ਸੱਦਾ ਦਿੰਦਿਆਂ ਕਿਹਾ ਕਿ ਉਹ ਆਪਣੇ ਨਾਲ ਆਪਣੇ ਪਰਿਵਾਰ ਜ਼ਰੂਰ ਲੈ ਕੇ ਆਉਣ । ਇਹ ਕਿਸਾਨ ਮੇਲੇ ਖੇਤੀ ਗਿਆਨ ਦੇ ਮੇਲੇ ਹਨ ਜਿੱਥੇ ਕਿਸਾਨਾਂ ਅਤੇ ਵਿਗਿਆਨੀਆਂ ਨੇ ਆਪਸ ਵਿੱਚ ਇੱਕ ਦੂਜੇ ਤੋਂ ਸਿੱਖਣਾ ਅਤੇ ਸਿਖਾਉਣਾ ਹੁੰਦਾ ਹੈ ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!