ਫ਼ਤਹਿਗੜ੍ਹ ਸਾਹਿਬ (ਇੰਦਰਜੀਤ ਸਿੰਘ) : ਬਾਰਿਸ਼ ਕਣਕ ਦੇ ਨਾਲ ਨਾਲ ਹੋਰ ਫ਼ਸਲਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਬਾਰਿਸ਼ ਨਾਲ ਜਿੱਥੇ ਕਿਸਾਨ ਬਾਗੋ ਬਾਗ ਹਨ ਉੱਥੇ ਪਸ਼ੂ ਪਾਲਕ, ਗੰਨਾ ਉਤਪਾਦਕ, ਜੂਸ ਦਾ ਕਾਰੋਬਾਰ ਕਰਨ ਵਾਲੇ ਡਾਹਢੇ ਪਰੇਸ਼ਾਨ ਹਨ। ਖੇਤੀ ਮਾਹਰਾਂ ਮੁਤਾਬਕ ਸ਼ੁੱਕਰਵਾਰ ਸ਼ਾਮ ਤਕ ਹੋਈ ਬਾਰਿਸ਼ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ ਕਿਉਂਕਿ ਇਸ ਸਮੇਂ ਕਣਕ ਦੀ ਫ਼ਸਲ ਨੂੰ ਪਾÎਣੀ ਦੀ ਜ਼ਰੂਰਤ ਸੀ ਜੋ ਬਾਰਿਸ਼ ਨੇ ਪੂਰੀ ਕਰ ਦਿੱਤੀ ਹੈ ਜੇਕਰ ਇਹ ਬਾਰਿਸ਼ ਹੋਰ ਜ਼ਿਆਦਾ ਹੰੁਦੀ ਹੈ ਤਾਂ ਇਹ ਕਣਕ ਦੀ ਫ਼ਸਲ ਲਈ ਨੁਕਸਾਨਦੇਹ ਵੀ ਸਾਬਤ ਹੋ ਸਕਦੀ ਹੈ ਕਿਉਂਕਿ ਖੇਤਾਂ 'ਚ ਪਾਣੀ ਖੜ੍ਹਨ ਕਾਰਨ ਕਣਕ ਦੀ ਫਸਲ ਪਾਣੀ ਦੀ ਮਾਰ ਹੇਠ ਵੀ ਆ ਸਕਦੀ ਹੈ।
ਸੰਬੰਧਿਤ ਖ਼ਬਰਾਂ
ਇਸ ਬਾਰਿਸ਼ ਕਾਰਨ ਬੇਸ਼ੱਕ ਬਾਜ਼ਾਰਾਂ ਅਤੇ ਸੜਕਾਂ 'ਤੇ ਸੁੰਨਸਾਨ ਛਾਈ ਰਹੀ ਅਤੇ ਜੂਸ ਦਾ ਕੰਮ ਕਰਨ ਵਾਲੇ ਵੀ ਇਸ ਬਾਰਿਸ਼ ਨੇ ਵਿਹਲੇ ਕਰ ਦਿੱਤੇ ਪਰ ਠੰਡ ਵਧਣ ਕਰ ਕੇ ਗਰਮ ਕੱਪੜੇ ਦੀਆਂ ਦੁਕਾਨਾਂ 'ਚ ਗਾਹਕਾਂ ਦੀਆਂ ਰੌਣਕਾਂ ਲੱਗੀਆਂ ਰਹੀਆਂ ਇਸ ਤੋਂ ਇਲਾਵਾ ਦੁੱਧ, ਕੌਫੀ ਅਤੇ ਚਾਹ ਦਾ ਕੰਮ ਕਰਨ ਵਾਲੇ ਵੀ ਬਾਗੋ ਬਾਗ ਸਨ, ਕਿਉਂਕਿ ਹਰ ਕੋਈ ਠੰਡ ਤੋਂ ਬਚਣ ਲਈ ਚਾਹ, ਦੁੱਧ ਅਤੇ ਕੌਫੀ ਦੀ ਮੰਗ ਕਰ ਰਿਹਾ ਸੀ। ਠੰਡ 'ਚ ਮਾਸਾਹਾਰੀ ਲੋਕਾਂ 'ਚ ਮੱਛੀ, ਮੀਟ ਤੇ ਆਂਡਿਆਂ ਦੀ ਮੰਗ ਵਧ ਗਈ। ਇਸ ਤੋਂ ਇਲਾਵਾ ਕੋਲੇ ਅਤੇ ਲੱਕੜ ਦੀ ਵੀ ਮੰਗ ਵਧ ਗਈ ਦੂਜੇ ਪਾਸੇ ਪਸ਼ੂ ਪਾਲਕ ਡਾਹਢੇ ਪਰੇਸ਼ਾਨ ਹਨ ਕਿਉਂਕਿ ਬਾਰਿਸ਼ ਦੇ ਮੌਸਮ 'ਚ ਪਸ਼ੂਆਂ ਲਈ ਹਰੇ ਚਾਰੇ ਅਤੇ ਤੂੜੀ ਆਦਿ ਦਾ ਪ੍ਰਬੰਧ ਕਰਨ 'ਚ ਉਨ੍ਹਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਾਰਿਸ਼ ਪੈਣ ਕਾਰਨ ਦੁਧਾਰੂ ਪਸ਼ੂ ਦੁੱਧ ਵੀ ਘਟ ਜਾਂਦੇ ਹਨ ਜਿਸ ਕਰ ਕੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਹੈ। ਇਸ ਬਾਰਿਸ਼ ਨਾਲ ਬੇਸ਼ੱਕ ਕਿਸਾਨ ਬਾਗੋ ਬਾਗ ਹਨ ਪਰ ਗੰਨਾ ਉਤਪਾਦਕ ਲਈ ਇਹ ਬਾਰਿਸ਼ ਕਹਿਰ ਬਣ ਕੇ ਆਈ ਹੈ ਕਿਉਂਕਿ ਗੰਨੇ ਵਾਲੇ ਖੇਤਾਂ 'ਚ ਪਾਣੀ ਭਰਨ ਕਰ ਕੇ ਗੰਨੇ ਦੀਆਂ ਟਰਾਲੀਆਂ ਭਰ ਕੇ ਬਾਹਰ ਕੱਢਣ 'ਚ ਉਨ੍ਹਾਂ ਨੂੰ ਦਿੱਕਤ ਆ ਰਹੀ ਹੈ। ਇਹ ਦਿੱਕਤ ਉਸ ਸਮੇਂ ਤਕ ਰਹੇਗੀ ਜਦੋਂ ਤਕ ਖੇਤਾਂ 'ਚ ਖੜ੍ਹਾ ਪਾਣੀ ਸੁੱਕ ਨਹੀਂ ਜਾਂਦਾ। ਇਸ ਤੋਂ ਇਲਾਵਾ ਖੇਤਾਂ 'ਚ ਵੱਢੇ ਪਏ ਗੰਨੇ ਦਾ ਰੰਗ ਬਦਲਣ ਕਰ ਕੇ ਗੰਨਾ ਮਿੱਲਾਂ ਵਾਲੇ ਇਹ ਗੰਨਾ ਲੈਣ ਤੋਂ ਆਨਾਕਾਨੀ ਕਰਦੇ ਹਨ ਜਿਸ ਕਰ ਕੇ ਕਿਸਾਨਾਂ ਨੂੰ ਇਹ ਗੰਨਾ ਵਾਪਸ ਲਿਆਉਣਾ ਪੈਂਦਾ ਹੈ।






