ਚੰਡੀਗੜ (ਇੰਦਰਜੀਤ ਸਿੰਘ) : ਅਫ਼ਗਾਨਿਸਤਾਨ, ਪਾਕਿਸਤਾਨ ਦੇ ਰਸਤੇ ਭਾਰਤ 'ਚ ਦਾਖ਼ਲ ਟਿੱਡੀ ਦਲ ਦਾ ਖ਼ਤਰਾ ਪੰਜਾਬ 'ਤੇ ਵੱਧ ਰਿਹਾ ਹੈ। ਖੇਤੀਬਾੜੀ ਵਿਭਾਗ ਨੂੰ ਦੋ-ਤਿੰਨ ਪਿੰਡਾਂ ਵਿਚ ਟਿੱਡੀ ਦਲ ਦੇ ਕੁਝ ਹਿੱਸੇ ਮਿਲੇ ਹਨ ਜਿਸ ਕਾਰਨ ਵਿਭਾਗ ਨੇ ਕਈ ਟੀਮਾਂ ਰਾਜਸਥਾਨ ਅਤੇ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਦੇ ਪਿੰਡਾਂ ਵਿਚ ਭੇਜ ਦਿੱਤੀਆਂ ਹਨ। ਅੱਜ ਵੀ ਟੀਮ ਅਬੋਹਰ ਉਪ ਮੰਡਲ ਦੇ ਪਿੰਡ ਸ਼ੇਰਗੜ੍ਹ ਪੁੱਜੀ ਹੈ ਜਦਕਿ ਇਕ ਹੋਰ ਪਿੰਡ ਲਾਲਗੜ੍ਹ ਵਿਚ ਵੀ ਟਿੱਡੀਆਂ ਦਾ ਦਲ ਦਿਖਾਈ ਦਿੱਤਾ ਹੈ ਜਿਸ ਨਾਲ ਖੇਤੀ ਵਿਭਾਗ ਦੇ ਅਧਿਕਾਰੀ ਚਿੰਤਾ ਵਿਚ ਹਨ। ਦਰਅਸਲ ਇਸ ਚਿੰਤਾ ਦਾ ਕਾਰਨ ਪੱਛਮ ਤੋਂ ਪੂਰਬ ਵੱਲ ਹਵਾ ਦਾ ਚੱਲਣਾ ਹੈ। ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਸੁਖਦੇਵ ਸਿੰਘ ਦੱਸਦੇ ਹਨ ਕਿ ਟਿੱਡੀ ਦਲ ਹਵਾ ਦੇ ਰੁਖ਼ 'ਤੇ ਅੱਗੇ ਵੱਧਦਾ ਹੈ ਅਤੇ ਅੱਜ ਕੱਲ੍ਹ ਹਵਾ ਪੱਛਮ ਵੱਲ ਚੱਲ ਰਹੀ ਹੈ ਜੋ ਸਾਡੇ ਲਈ ਚਿੰਤਾ ਦਾ ਕਾਰਨ ਹੈ।
ਸੰਬੰਧਿਤ ਖ਼ਬਰਾਂ
ਉਨ੍ਹਾਂ ਨੇ ਦੱਸਿਆ ਕਿ ਸਾਡੀਆਂ ਟੀਮਾਂ ਪਾਕਿਸਤਾਨ ਅਤੇ ਰਾਜਸਥਾਨ ਦੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਇਕ-ਇਕ ਪਿੰਡ ਵਿਚ ਨਿਰੀਖਣ ਕਰ ਰਹੀਆਂ ਹਨ। ਪੰਜਾਬ ਸਰਕਾਰ ਨੇ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਮਾਰਕਫੈੱਡ ਨੂੰ 10 ਹਜ਼ਾਰ ਲੀਟਰ ਦਵਾਈ ਖ਼ਰੀਦਣ ਨੂੰ ਕਿਹਾ ਹੈ। ਨਾਲ ਹੀ ਇਕ ਪ੍ਰਾਈਵੇਟ ਫਰਮ ਨੂੰ ਵੀ 40 ਹਜ਼ਾਰ ਲੀਟਰ ਦਵਾਈ ਆਪਣੇ ਸਟਾਕ ਵਿਚ ਰੱਖਣ ਲਈ ਕਿਹਾ ਹੈ ਤਾਂਕਿ ਲੋੜ ਪੈਣ 'ਤੇ ਇਸ ਦੀ ਵਰਤੋਂ ਕੀਤੀ ਜਾ ਸਕੇ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਇਸ ਨੂੰ ਕੰਟਰੋਲ ਕਰਨ ਦਾ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਹ ਅੱਗੇ ਵੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਰੂਥਲੀ ਅਤੇ ਰੇਤਲੀ ਮਿੱਟੀ ਵਾਲਾ ਇਲਾਕਾ ਇਨ੍ਹਾਂ ਦੇ ਪ੍ਰਜਨਨ ਲਈ ਢੁਕਵੀਂ ਥਾਂ ਹੁੰਦੀ ਹੈ।
ਇਸ ਲਈ ਜਿੰਨਾ ਅਸੀਂ ਲੋਕ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਤਨਾ ਇਹ ਅੱਗੇ ਵੱਧ ਰਿਹਾ ਹੈ। ਦੂਜਾ, ਕਿਉਂਕਿ ਅਜੇ ਤਾਪਮਾਨ ਕਾਫ਼ੀ ਘੱਟ ਹੈ ਪ੍ਰੰਤੂ ਜਿਵੇਂ ਹੀ ਵਧੇਗਾ ਟਿੱਡੀ ਦਲ ਦਾ ਖ਼ਤਰਾ ਹੋਰ ਵੱਧ ਜਾਏਗਾ।ਇਸ ਲਈ ਵੱਧ ਰਿਹਾ ਹੈ ਖ਼ਤਰਾ ਖੇਤੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਨੇ ਦੱਸਿਆ ਕਿ ਇਹ ਦਲ ਕਾਫ਼ੀ ਵੱਡਾ ਦੇਖਿਆ ਗਿਆ ਹੈ ਜਿਸ ਦਾ ਦਾਇਰਾ 10 ਕਿਲੋਮੀਟਰ ਲੰਬਾ ਅਤੇ ਪੰਜ ਕਿਲੋਮੀਟਰ ਚੌੜਾ ਹੈ। ਯਾਨੀ ਇਹ ਇਕੱਠੇ 12 ਤੋਂ 15 ਹਜ਼ਾਰ ਏਕੜ ਰਕਬੇ ਨੂੰ ਕਵਰ ਕਰ ਲੈਂਦਾ ਹੈ। ਇਸ ਦੇ ਇਲਾਵਾ ਕਿਸੇ ਵੀ ਹਰੀ ਫ਼ਸਲ ਨੂੰ ਇਹ ਚਟ ਕਰ ਜਾਂਦਾ ਹੈ। ਉੱਡਦੇ ਹੋਏ ਇਸ ਨੂੰ ਰਸਾਇਣਕ ਦਵਾਈਆਂ ਨਾਲ ਵੀ ਕੰਟਰੋਲ ਕਰਨਾ ਮੁਸ਼ਕਿਲ ਹੈ। ਇਸ ਨੂੰ ਰਾਤ ਨੂੰ ਦਰੱਖਤਾਂ 'ਤੇ ਬੈਠਣ 'ਤੇ ਵੀ ਮਾਰਿਆ ਜਾ ਸਕਦਾ ਹੈ। ਇਸ ਲਈ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਰਾਤ ਨੂੰ ਇਸ ਦੇ ਦਰੱਖਤਾਂ 'ਤੇ ਬੈਠਣ ਦਾ ਇੰਤਜ਼ਾਰ ਕਰਦੀਆਂ ਹਨ






