ਕਪੂਰਥਲਾ : ਜ਼ਿਲੇ ਵਿਚਲੇ ਸਾਰੇ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਦਾ ਕੰਮ ਭਲਕੇ 4 ਜੂਨ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਇਹ ਕੰਮ 15 ਦਿਨਾਂ ਵਿਚ ਮੁਕੰਮਲ ਕਰ ਲਿਆ ਜਾਵੇਗਾ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਅੱਜ ਇਸ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨਾਂ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਕੀਤੇ ਜਾ ਰਹੇ ਇਸ ਤਹਿਤ ਪਹਿਲਾਂ ਸਾਰੇ ਛੱਪੜਾਂ ਨੂੰ ਖਾਲੀ ਕਰਕੇ ਉਨਾਂ ਵਿਚਲੀ ਗਾਰ ਕੱਢ ਕੇ ਉਨਾਂ ਨੂੰ ਡੂੰਘਾ ਕੀਤਾ ਜਾਵੇਗਾ, ਤਾਂ ਜੋ ਉਨਾਂ ਦੀ ਪਾਣੀ ਦੀ ਸਮੱਰਥਾ ਵਧਾਈ ਜਾ ਸਕੇ।
ਸੰਬੰਧਿਤ ਖ਼ਬਰਾਂ
ਉਨਾਂ ਕਿਹਾ ਕਿ ਇਸ ਨਾਲ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਉੱਪਰ ਚੁੱਕਣ ਵਿਚ ਮਦਦ ਮਿਲੇਗੀ, ਉਥੇ ਖੇਤਾਂ ਨੂੰ ਪਾਣੀ ਵੀ ਮਿਲੇਗਾ। ਇਸ ਤੋਂ ਇਲਾਵਾ ਇਨਾਂ ਵਿਚੋਂ ਨਿਕਲੀ ਮਿੱਟੀ ਨੀਵੇਂ ਇਲਾਕਿਆਂ ਵਿਚ ਭਰਤੀ ਪਾਉਣ ਅਤੇ ਸੜਕਾਂ ਦੇ ਬਰਮਾਂ ਆਦਿ 'ਤੇ ਪਾਉਣ ਦੇ ਕੰਮ ਵੀ ਆਵੇਗੀ।
ਇਸ ਤੋਂ ਇਲਾਵਾ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਪਿੰਡਾਂ ਦੀ ਦਿੱਖ ਵੀ ਸੁਧਰੇਗੀ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਕੰਮ ਵਿਚ ਪਿੰਡਾਂ ਦੀਆਂ ਪੰਚਾਇਤਾਂ ਦਾ ਪੂਰਾ ਸਹਿਯੋਗ ਲਿਆ ਜਾਵੇ। ਇਸ ਮੌਕੇ ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ ਤੋਂ ਇਲਾਕਾ ਸਮੂਹ ਬੀ. ਡੀ. ਪੀ. ਓਜ਼ ਅਤੇ ਹੋਰ ਅਧਿਕਾਰੀ ਹਾਜ਼ਰ ਸਨ।






