ਮੋਗਾ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਬੈਂਕ ਆਫ ਇੰਡੀਆ ਦੀ ਬ੍ਰਾਂਚ 'ਚੋਂ ਚੋਰ 17 ਲੱਖ 65 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨਾ ਲੈ ਗਏ। ਚੋਰ ਜਾਂਦੇ ਹੋਏ ਬੈਂਕ 'ਚ ਲੱਗੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਪੁੱਟ ਕੇ ਲੈ ਗਏ।ਜ਼ਿਕਰਯੋਗ ਹੈ ਕਿ ਇਹ ਬੈਂਕ ਡੀਸੀ ਦਫਤਰ ਅਤੇ ਐੱਸਐੱਸਪੀ ਦਫਤਰ ਵਿਚਕਾਰ ਪੈਂਦਾ ਹੈ। ਅਤਿ-ਸੁਰੱਖਿਅਤ ਖੇਤਰ 'ਚ ਚੋਰੀ ਦੀ ਇਹ ਵਾਰਦਾਤ ਮੋਗਾ ਪੁਲਿਸ ਲਈ ਵੱਡੀ ਚੁਣੌਤੀ ਬਣ ਗਈ ਹੈ ਅਤੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।ਲੋਕਾਂ ਦਾ ਕਹਿਣਾ ਹੈ ਕਿ ਜੇ ਐੱਸਐੱਸਪੀ ਦਫ਼ਤਰ ਅਤੇ ਡੀਸੀ ਦਫ਼ਤਰ ਦਾ ਇਲਾਕਾ ਹੀ ਸੁਰੱਖਿਅਤ ਨਹੀਂ ਹੈ ਤਾਂ ਜ਼ਿਲ੍ਹੇ 'ਚ ਹੋਰਨਾਂ ਥਾਂਵਾਂ 'ਤੇ ਲੋਕ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ।
ਚੋਰਾਂ ਨੇ ਜਿਸ ਬੈਂਕ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਥੇ ਨਾਲ ਹੀ ਕਿ ਹੋਰ ਕੋਆਪ੍ਰਰੇਟਿਵ ਬੈਂਕ, ਡਾਕਘਰ ਅਤੇ ਜ਼ਿਲ੍ਹਾ ਖਜ਼ਾਨਾ ਦਫਤਰ ਹੈ, ਜਿਥੇ ਵੱਡੀ ਮਾਤਰਾ 'ਚ ਨਕਦੀ ਦਾ ਲੈਣ-ਦੇਣ ਹੁੰਦਾ ਹੈ।ਬੈਂਕ 'ਚ ਤਾਇਨਾਤ ਕਲਰਕ ਰਾਹੁਲ ਨੇ ਦੱਸਿਆ ਕਿ ਸ਼ਨਿੱਚਰਵਾਰ ਸਵੇਰੇ ਜਦ ਬੈਂਕ ਦਾ ਸਫਾਈ ਮੁਲਾਜ਼ਮ ਪੁੱਜਾ ਤਾਂ ਉਸ ਨੇ ਦੇਖਿਆ ਕਿ ਬੈਂਕ ਦੇ ਸ਼ਟਰ ਦੇ ਤਾਲੇ ਗਾਇਬ ਸਨ। ਜਦ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ ਤੇ ਸੀਸੀਟੀਵੀ ਕੈਮਰੇ ਗਾਇਬ ਸਨ।
ਸੰਬੰਧਿਤ ਖ਼ਬਰਾਂ
ਉਸ ਵੱਲੋਂ ਬੈਂਕ ਅਧਿਕਾਰੀਆਂ ਨੂੰ ਸੂਚਨਾ ਦੇਣ 'ਤੇ ਪੁਲਿਸ ਤੇ ਬੈਂਕ ਅਧਿਕਾਰੀ ਮੌਕੇ 'ਤੇ ਪਹੁੰਚੇ।ਜ਼ਿਲ੍ਹਾ ਪੁਲਿਸ ਮੁਖੀ ਅਮਰਜੀਤ ਸਿੰਘ ਬਾਜਵਾ, ਐੱਸਪੀਡੀ ਹਰਿੰਦਰਪਾਲ ਸਿੰਘ ਪਰਮਾਰ, ਡੀਐੱਸਪੀ ਸਿਟੀ ਪਰਮਜੀਤ ਸਿੰਘ, ਡੀਐੱਸਪੀ ਸੁਖਵਿੰਦਰ ਸਿੰਘ, ਸੀਆਈਏ ਸਟਾਫ ਮੋਗਾ ਦੇ ਇੰਚਾਰਜ ਤਰਲੋਚਨ ਸਿੰਘ, ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਜਗਤਾਰ ਸਿੰਘ, ਥਾਣਾ ਸਿਟੀ ਸਾਊਥ ਮੋਗਾ ਦੇ ਮੁੱਖ ਅਫਸਰ ਪਲਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਐੱਸਪੀਡੀ ਹਰਿੰਦਰਪਾਲ ਸਿੰਘ ਪਰਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੈਂਕ ਮੁਲਾਜ਼ਮਾਂ ਅਨੁਸਾਰ ਚੋਰ ਬੈਂਕ 'ਚੋਂ 17 ਲੱਖ 65 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨਾ ਚੋਰੀ ਕਰ ਕੇ ਲੈ ਗਏ ਹਨ।ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਚੋਰੀ ਦੀ ਘਟਨਾ ਦੌਰਾਨ ਸ਼ਟਰ ਦੇ ਟੁੱਟੇ ਹੋਏ ਤਾਲੇ ਨਾ ਮਿਲਣ ਕਾਰਨ ਸ਼ੱਕ ਪੈਦਾ ਹੁੰਦਾ ਹੈ ਕਿ ਚੋਰਾਂ ਨੇ ਸ਼ਟਰ, ਬੈਂਕ ਦੀ ਪੈਸਿਆਂ ਤੇ ਗੋਲਡ ਵਾਲੀ ਸੇਫ ਤੋੜਨ ਦੀ ਬਜਾਏ ਕਿਸੇ ਢੰਗ ਨਾਲ ਖੋਲ੍ਹੀ ਹੈ, ਜਿਸ ਤੋਂ ਇਹ ਵੀ ਸ਼ੱਕ ਪੈਦਾ ਹੁੰਦਾ ਹੈ ਕਿ ਵਾਰਦਾਤ ਵਿਚ ਕਿਸੇ ਭੇਤੀ ਦਾ ਹੱਥ ਹੋ ਸਕਦਾ ਹੈ।ਪੁਲਿਸ ਵੱਲੋਂ ਜਿਥੇ ਕਈ ਥਿਊਰੀਆਂ 'ਤੇ ਕੰਮ ਕੀਤਾ ਜਾ ਰਿਹਾ ਹੈ, ਉਥੇ ਹੀ ਫੋਰੈਂਸਿਕ ਮਾਹਿਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਪੁਲਿਸ ਵੱਲੋਂ ਬੈਂਕ ਦੇ ਸਹਾਇਕ ਮੈਨੇਜਰ, ਕੈਸ਼ੀਅਰ ਅਤੇ ਸਫਾਈ ਮੁਲਾਜ਼ਮ ਤੋਂ ਪੁੱਛਗਿੱਛ ਜਾ ਰਹੀ ਹੈ, ਜਦਕਿ ਬਾਕੀ ਅਮਲੇ 'ਤੇ ਪੁਲਿਸ ਬਾਜ ਅੱਖ ਰੱਖ ਰਹੀ ਹੈ।






