ਕਪੂਰਥਲਾ : ਕਪੂਰਥਲਾ ਜਿਲੇ ਵਿਚ 546 ਪੰਚਾਇਤੀ ਹਨ ਪਰ ਜਿਲੇ ਦੇ ਪੰਜ ਬਲਾਕਾਂ ਵਿਚੋਂ ਕਪੂਰਥਲਾ ਬਲਾਕ ਅਧੀਨ ਪੈਂਦੀ ਗ੍ਰਾਮ ਪੰਚਾਇਤ ਬਾਬਾ ਦੀਪ ਸਿੰਘ ਨਗਰ ਜਿਲੇ ਦੀ ਸਭ ਤੋਂ ਪੜੀ ਲਿਖੀ ਪੰਚਾਇਤੀ ਹੋਣ ਵਜੋ ਸੁਰਖੀਆ ਹਾਸਲ ਕਰ ਰਹੀ ਹੈ। ਪਹਿਲਾ ਬਾਬਾ ਦੀਪ ਸਿੰਘ ਨਗਰ ਦੀ ਪੰਚਾਇਤ ਨਜ਼ਦੀਕੀ ਪਿੰਡ ਚੁੱਡੀਆਂਵਾਲ ਦੀ ਪੰਚਾਇਤ ਨਾਲ ਸਾਂਝੀ ਸੀ। ਪਰ ਬਾਅਦ 'ਚ ਉਸ ਪਿੰਡ ਦੀ ਅਬਾਦੀ ਵਿਚ ਵਾਧਾ ਹੋਣ ਕਾਰਨ ਨਵੀ ਪੰਚਾਇਤ ਬਾਬਾ ਦੀਪ ਸਿੰਘ ਨਗਰ ਹੋਂਦ ਵਿਚ ਆਈ ਹੈ। ਪਿੰਡ ਦੀ ਸਰਪੰਚ ਰੁਪਿੰਦਰ ਕੌਰ 12ਵੀ ਪਾਸ ਹੈ ਹਲਾਂਕਿ ਉਸਨੇ ਬੀਏ ਭਾਗ ਪਹਿਲਾ ਤੇ ਦੂਜਾ ਵੀ ਪਾਸ ਕੀਤਾ ਹੈ। ਮੈਂਬਰ ਪੰਚਾਇਤ ਦਵਿੰਦਰ ਕੌਰ ਬੀਏ ਪਾਸ, ਮੈਂਬਰ ਪੰਚਾਇਤ ਰਮਨਦੀਪ ਕੌਰ ਬੀਏ, ਬੀਐਡ ਪਾਸ, ਮੈਂਬਰ ਪੰਚਾਇਤ ਗੁਰਮੀਤ ਕੌਰ ਦਸਵੀ ਪਾਸ, ਮੈਂਬਰ ਪੰਚਾਇਤ ਕੁਲਦੀਪ ਸਿੰਘ 12ਵੀ ਪਾਸ, ਮੈਂਬਰ ਪੰਚਾਇਤ ਜਗੀਰ ਸਿੰਘ ਦਸਵੀ ਪਾਸ ਹਨ।
ਸੰਬੰਧਿਤ ਖ਼ਬਰਾਂ
ਮੌਜੂਦਾ ਪੰਚਾਇਤ ਵਿਚੋਂ ਜ਼ਿਆਦਾਤਰ ਮੈਂਬਰ ਪਿਛਲੀ ਪੰਚਾਇਤ ਵਿਚ ਵੀ ਮੈਂਬਰ ਸਨ। ਉਥੇ ਖਾਸ ਗੱਲ ਇਹ ਵੀ ਹੈ ਕਿ ਇਸ ਪਿੰਡ ਵਿਚ ਕਦੇ ਵੀ ਦਸਵੀ ਪਾਸ ਤੋਂ ਘੱਟ ਕੋਈ ਮੈਂਬਰ ਪੰਚਾਇਤ ਨਹੀ ਬਣਿਆ। ਪੰਚਾਇਤੀ ਚੋਣਾਂ ਦੌਰਾਨ ਮੌਜੂਦਾ ਸਰਪੰਚ ਤੇ ਪੰਚਾਂ ਵਿਰੋਧ ਜਿਨਾਂ ਉਮੀਦਵਾਰਾਂ ਨੇ ਚੋਣ ਲੜੀ ਸੀ, ਉਨ੍ਹਾਂ ਦੀ ਵੀ ਘੱਟੋ ਘੱਟ ਯੋਗਤਾ ਦਸਵੀ ਤਕ ਜਰੂਰ ਸੀ। ਇਸ ਪਿੰਡ ਦੀ ਪੰਚਾਇਤ ਦੇ ਪੜੀ-ਲਿਖੀ ਹੋਣ ਕਾਰਨ ਇਹ ਹੈ ਕਿ ਪਿੰਡ ਰੇਲ ਡਿੱਬਾ ਕਾਰਖਾਨਾ ਕਪੂਰਥਲਾ ਦੇ ਸਾਹਮਣੇ ਵਸਿਆ ਹੋਣ ਕਰਕੇ ਪਿੰਡ 'ਚ ਜ਼ਿਆਦਾਤਰ ਲੋਕ ਪੰਜਾਬ ਦੇ ਵੱਖ ਵੱਖ ਜਿਲਿਆ ਤੇ ਹੋਰਨਾਂ ਰਾਜਾਂ ਤੋਂ ਆ ਕੇ ਵਸੇ ਹੋਏ ਹਨ, ਇਹ ਉਹ ਲੋਕ ਹਨ ਜੋ ਰੇਲ ਕੋਚ ਫੈਕਟਰੀ ਵਿਚ ਨੌਕਰੀ ਕਰਦੇ ਹਨ, ਜਾਂ ਫਿਰ ਸੇਵਾ ਮੁਕਤ ਹੋ ਚੁੱਕੇ ਹਨ। ਜਿਸ ਕਰਕੇ ਇਸ ਪਿੰਡ ਵਿਚ ਪੜਾਈ ਦਾ ਪੱਧਰ ਵੀ ਆਮ ਪਿੰਡਾਂ ਨਾਲੋ ਕਿਤੇ ਉਚਾ ਹੈ।
ਪੰਚਾਇਤ ਪੜੀ ਲਿਖੀ ਹੋਣ ਦਾ ਫਾਇਦਾ ਵੀ ਇਸ ਪਿੰਡ ਨੂੰ ਮਿਲ ਰਿਹਾ ਹੈ। ਪਿੰਡ ਦੀਆਂ ਗਲੀਆਂ ਪੂਰੀ ਤਰ੍ਹਾਂ ਨਾਲ ਪੱਕੀਆਂ ਹਨ ਅਤੇ ਹੁਣ ਪੰਚਾਇਤ ਸੀਵਰੇਜ ਸਿਸਟਮ ਨੂੰ ਵੀ ਬੇਹੱਦ ਮਜ਼ਬੂਤ ਬਣਾਉਣ ਵਲ ਕਦਮ ਚੁੱਕ ਰਹੀ ਹੈ। ਸਰਪੰਚ ਰੁਪਿੰਦਰ ਕੌਰ ਅਨੁਸਾਰ ਸੀਵਰੇਜ ਰਾਹੀ ਪਿੰਡ ਦੇ ਗੰਦੇ ਪਾਣੀ ਨੂੰ ਪਿੰਡ ਤੋਂ ਬਾਹਰ ਲੈ ਕੇ ਜਾਇਆ ਜਾਵੇਗਾ ਅਤੇ ਪਿੰਡ ਨੂੰ ਮਾਡਰਨ ਪਿੰਡ ਬਣਾਉਣ ਲਈ ਪੰਚਾਇਤ ਵਲੋ ਖਾਸ ਯੋਜਨਾ ਉਲੀਕੀ ਜਾ ਰਹੀ ਹੈ। ਪੰਚਾਇਤ ਦੀ ਹਰ ਮਹੀਨੇ ਮੀਟਿੰਗ ਹੁੰਦੀ ਹੈ। ਸਰਪੰਚ ਅਨੁਸਾਰ ਜੇ ਪੰਚਾਇਤੀ ਰਾਜ ਐਕਟ ਦੀਆਂ ਹਿਦਾਇਤਾਂ ਅਨੁਸਾਰ ਹਰ ਪੰਚਾਇਤ ਕੰਮ ਕਰੇ ਤਾਂ ਪਿੰਡ ਨੂੰ ਤਰੱਕੀ ਤੇ ਲੈ ਕੇ ਜਾਣਾ ਕੋਈ ਵੱਡੀ ਗੱਲ ਨਹੀ। ਸਰਪੰਚ ਅਨੁਸਾਰ ਪੰਚਾਇਤ ਦੇ ਸਾਰੇ ਮੈਂਬਰਾਂ ਦੇ ਪੜੇ ਲਿਖੇ ਹੋਣ ਕਾਰਨ ਉਨ੍ਹਾਂ ਨੂੰ ਪੰਚਾਇਤੀ ਕਾਰਵਾਈ ਤੇ ਹੋਰ ਪੰਚਾਇਤੀ ਕੰਮਾਂ ਨੂੰ ਮੈਂਬਰਾਂ ਨੂੰ ਸਮਝਾਉਣ ਲਈ ਕੋਈ ਬਹੁਤੀ ਮੁਸ਼ਕਤ ਨਹੀ ਕਰਨੀ ਪੈਂਦੀ ਕਿਉਕਿ ਕਈ ਪੰਚਾਇਤ ਮੈਂਬਰਾਂ ਉਨ੍ਹਾਂ ਤੋਂ ਜ਼ਿਆਦਾ ਪੜੇ ਲਿਖੇ ਹਨ।






