ਟਾਂਡਾ : ਪਿੰਡ ਜਲਾਲਪੁਰ ਨਜ਼ਦੀਕ ਐਤਵਾਰ ਸਵੇਰੇ ਸੈਰ ਕਰ ਰਹੀਆਂ ਦੋ ਅੌਰਤਾਂ ਨੂੰ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਲੁੱਟ ਦਾ ਸ਼ਿਕਾਰ ਬਣਾਇਆ। ਇਹ ਵਾਰਦਾਤ ਸਵੇਰੇ 6 ਵਜੇ ਹੋਈ ਜਦੋਂ ਪਿੰਡ ਜਲਾਲਪੁਰ ਦੀਆਂ ਦੋ ਅੌਰਤਾਂ ਸੁਖਵਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਤੇ ਰਾਜ ਰਾਣੀ ਪਤਨੀ ਸੁਰਜੀਤ ਸਿੰਘ ਗੁਰਾਲਾ ਸੰਪਰਕ ਸੜਕ 'ਤੇ ਸੈਰ ਕਰ ਰਹੀਆਂ ਸਨ।
ਸੰਬੰਧਿਤ ਖ਼ਬਰਾਂ
ਇਸ ਦੌਰਾਨ ਪਲਸਰ ਮੋਟਰਸਾਈਕਲ 'ਤੇ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਦਾਤਰ ਦੇ ਜ਼ੋਰ 'ਤੇ ਜਾਨ ਤੋਂ ਮਾਰਨ ਦੀਆ ਧਮਕੀਆਂ ਦਿੰਦੇ ਸੁਖਵਿੰਦਰ ਕੌਰ ਕੋਲੋਂ ਗਜਰੇ, ਚੇਨ, ਝੁਮਕੇ ਕੁੱਲ ਲਗਭਗ 10 ਤੋਲੇ ਸੋਨੇ ਦੇ ਗਹਿਣੇ ਅਤੇ ਰਾਜ ਰਾਣੀ ਦੇ ਕੰਨ 'ਚੋਂ ਸੋਨੇ ਦੀ ਵਾਲ਼ੀ ਝਪਟ ਕੇ ਜਲਾਲਪੁਰ ਵੱਲ ਫਰਾਰ ਹੋ ਗਏ। ਇਸ ਵਾਰਦਾਤ ਸਬੰਧੀ ਟਾਂਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।






