ਨੌਸ਼ਹਿਰਾ : ਸਰਹੱਦੀ ਪਿੰਡ ਨੌਸ਼ਹਿਰਾ ਵਿਖੇ ਦੇਰ ਰਾਤ ਅਣਖ਼ ਖ਼ਾਤਰ ਇਕ ਪਰਿਵਾਰ ਦੇ ਤਿੰਨ ਜੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਵਿਚ ਬਜ਼ੁਰਗ ਵਿਅਕਤੀ ਤੇ ਉਸ ਦਾ ਜਵਾਨ ਲੜਕਾ, ਲੜਕੀ ਸ਼ਾਮਲ ਹਨ।ਮ੍ਰਿਤਕ ਦੇ ਇਕ ਲੜਕੇ ਨੇ ਕਰੀਬ ਡੇਢ ਮਹੀਨਾ ਪਹਿਲਾਂ ਪਿੰਡ ਦੀ ਹੀ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਘਟਨਾ ਦਾ ਪਤਾ ਸਵੇਰੇ ਕਰੀਬ ਸਾਢੇ 7 ਵਜੇ ਉਸ ਵੇਲੇ ਲੱਗਾ ਜਦੋਂ ਬਜ਼ੁਰਗ ਦਾ ਭਤੀਜਾ ਖੇਤਾਂ ਵੱਲ ਗਿਆ। ਸੂਚਨਾ ਮਿਲਦੇ ਹੀ ਮੌਕੇ 'ਤੇ ਐੱਸਪੀ ਪੜਤਾਲ ਹਰਜੀਤ ਸਿੰਘ ਧਾਲੀਵਾਲ, ਡੀਐੱਸਪੀ ਸਬ ਡਿਵੀਜਨ ਤਰਨਤਾਰਨ ਕਮਲਜੀਤ ਸਿੰਘ ਔਲਖ, ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਇੰਸਪੈਕਟਰ ਰਣਜੀਤ ਸਿੰਘ ਧਾਰੀਵਾਲ ਪਹੁੰਚੇ ਅਤੇ ਲਾਸ਼ਾਂ ਨੂੰ ਕਬਜੇ ਵਿਚ ਲੈ ਲਿਆ।
ਸੰਬੰਧਿਤ ਖ਼ਬਰਾਂ
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨੌਸ਼ਹਿਰਾ ਨੇ ਢਾਲਾ ਪਿੰਡ ਦੀ ਇਕ ਲੜਕੀ ਨਾਲ ਡੇਢ ਮਹੀਨਾ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਕੋਰਟ ਮੈਰਿਜ ਉਪਰੰਤ ਕਰੀਬ 10 ਦਿਨ ਪਹਿਲਾਂ ਹਰਮਨਜੀਤ ਸਿੰਘ ਆਪਣੀ ਪਤਨੀ ਸਮੇਤ ਘਰ ਵਾਪਸ ਆ ਗਿਆ। ਲੜਕੀ ਦੇ ਪਰਿਵਾਰ ਵੱਲੋਂ ਨੁਕਸਾਨ ਪਹੁੰਚਾਉਣ ਦੀ ਸ਼ੰਕਾ ਉਸ ਨੂੰ ਹੋਈ ਤਾਂ ਉਹ ਬੀਤੇ ਦਿਨੀਂ ਆਪਣੀ ਪਤਨੀ ਸਮੇਤ ਪਿੰਡ ਵਿੱਚੋਂ ਚਲਾ ਗਿਆ ਪਰ ਰਾਤ ਸਮੇਂ ਉਸ ਦੇ ਪਿਤਾ ਜੋਗਿੰਦਰ ਸਿੰਘ (60), ਭਰਾ ਪਵਨਦੀਪ ਸਿੰਘ (17) ਅਤੇ ਭੈਣ ਪ੍ਰਭਜੀਤ ਕੌਰ (19) ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ।
ਇਹ ਪਰਿਵਾਰ ਖੇਤਾਂ ਵਿਚ ਬਣੀ ਬਹਿਕ 'ਤੇ ਰਹਿੰਦਾ ਸੀ ਅਤੇ ਮੰਗਲਵਾਲ ਸਵੇਰੇ ਕਰੀਬ ਸਾਢੇ ਸੱਤ ਵਜੇ ਜੋਗਿੰਦਰ ਸਿੰਘ ਦਾ ਭਤੀਜਾ ਹਰਚਰਨ ਸਿੰਘ ਪੁੱਤਰ ਜਗਤਾਰ ਸਿੰਘ ਖੇਤਾਂ ਵੱਲ ਗਿਆ ਤਾਂ ਘਰ ਦਾ ਦਰਵਾਜ਼ਾ ਬੰਦ ਸੀ। ਵਾਰ-ਵਾਰ ਖੜਕਾਉਣ ਤੇ ਵੀ ਜਦੋਂ ਦਰਵਾਜ਼ਾ ਨਾ ਖੁੱਲ੍ਹਾ ਤਾਂ ਉਹ ਕੰਧ ਟੱਪ ਕੇ ਅੰਦਰ ਗਿਆ ਤਾਂ ਕਮਰੇ ਵਿਚ ਭੈਣ ਭਰਾਵਾਂ ਦੀਆਂ ਲਾਸ਼ਾਂ ਖੂਨ ਨਾਲ ਲੱਥ ਪਥ ਪਈਆਂ ਸਨ। ਉਹ ਤੁਰੰਤ ਮੈਂਬਰ ਪੰਚਾਇਤ ਲਖਵਿੰਦਰ ਸਿੰਘ ਦੇ ਘਰ ਗਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਜੋਗਿੰਦਰ ਸਿੰਘ ਘਰ ਦੀ ਛੱਤ 'ਤੇ ਸੁੱਤਾ ਸੀ ਅਤੇ ਉਸ ਦੇ ਕਤਲ ਹੋਣ ਦਾ ਪਤਾ ਕਾਫ਼ੀ ਦੇਰ ਬਾਅਦ ਲੱਗਾ। ਐੱਸਪੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਾਮਰਟਮ ਲਈ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਪਰਿਵਾਰ ਵੱਲੋਂ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।






