ਜਲੰਧਰ (ਇੰਦਰਜੀਤ ਸਿੰਘ ਚਾਹਲ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਆਰੰਭੇ ਯਤਨਾਂ ਦੇ ਤਹਿਤ ਜ਼ਿਲ੍ਹਾ ਦਿਹਾਤ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਟਰੱਕ ਵਿਚੋਂ ਅਲਕੋਹਲ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਜਦ ਕਿ ਟਰੱਕ ਨੂੰ ਪਾਇਲਟ ਕਰ ਰਹੀ ਇਨੋਵਾ ਗੱਡੀ ਵਿਚ ਬੈਠਾ ਮੁੱਖ ਸਮੱਗਲਰ ਫ਼ਰਾਰ ਹੋਣ ਵਿਚ ਕਾਮਯਾਬ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀ ਵਰਿੰਦਰ ਕੁਮਾਰ ਸ਼ਰਮਾ ਤੇ ਐੱਸਐੱਸਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਗੁਰਾਇਆ ਦੇ ਏਐੱਸਆਈ ਹਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਦਾਣਾ ਮੰਡੀ, ਗੁਰਾਇਆ ਵਿਚ ਗਸ਼ਤ ਕਰ ਰਹੇ ਸਨ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਲੈਲੋ ਵਾਸੀ ਛਾਪਿਆਂਵਾਲੀ, ਮਹਿਤਾ ਰੋਡ ਅੰਮਿ੍ਤਸਰ ਜਿਹੜਾ ਕਿ ਨਾਜਾਇਜ਼ ਸ਼ਰਾਬ ਵੇਚਣ ਤੇ ਬਣਾਉਣ ਦਾ ਕੰਮ ਕਰਦਾ ਹੈ, ਭਾਰੀ ਮਾਤਰਾ 'ਚ ਅਲਕੋਹਲ ਲੈ ਕੇ ਰਾਜਪੁਰਾ ਤੋਂ ਲੁਧਿਆਣਾ ਵੱਲ ਆ ਰਿਹਾ ਹੈ, ਜਿਸ ਤੋਂ ਜਾਅਲੀ ਸ਼ਰਾਬ ਤਿਆਰ ਕਰ ਕੇ ਚੋਣਾਂ ਦੌਰਾਨ ਵਰਤਾਈ ਜਾਣੀ ਹੈ। ਇਸ 'ਤੇ ਥਾਣਾ ਮੁਖੀ ਗੁਰਾਇਆ ਇੰਸਪੈਕਟਰ ਲਖਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਅੱਟਾ ਪੁਲ਼ੀ 'ਤੇ ਨਾਕਾਬੰਦੀ ਕਰ ਦਿੱਤੀ।
ਸੰਬੰਧਿਤ ਖ਼ਬਰਾਂ
ਜਦੋਂ ਇਕ ਇਨੋਵਾ ਗੱਡੀ ਵਾਲੇ ਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਗੱਡੀ ਉੱਥੋਂ ਦੂਜੀ ਦਿਸ਼ਾ ਵਿਚ ਭਜਾ ਕੇ ਲੈ ਗਿਆ। ਇਸੇ ਦੌਰਾਨ ਪੁਲਿਸ ਵੱਲੋਂ ਟਰੱਕ ਨੰਬਰ ਪੀ ਬੀ 06 ਜੇ 2389 ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਟਰੱਕ ਵਿਚ ਕੈਟਲ ਫੀਡ ਦੀਆਂ ਬੋਰੀਆਂ ਹੇਠ ਲੁਕੋ ਕੇ ਰੱਖੇ 148 ਕੈਨ ਅਲਕੋਹਲ ਨਾਲ ਭਰੇ ਹੋਏ ਬਰਾਮਦ ਹੋਏ।ਟਰੱਕ ਡਰਾਈਵਰ ਕੁਲਵੰਤ ਸਿੰਘ ਰਾਏ ਉਰਫ਼ ਕਾਂਤਾ ਵਾਸੀ ਅੰਮਿ੍ਤਸਰ ਤੇ ਕੰਡਕਟਰ ਅਕਾਸ਼ਦੀਪ ਸਿੰਘ ਉਰਫ਼ ਆਕਾਸ਼ ਵਾਸੀ ਜੰਡਿਆਲਾ, ਅੰਮਿ੍ਤਸਰ ਨੂੰ ਗਿ੍ਫ਼ਤਾਰ ਕਰ ਕੇ 10400 ਲੀਟਰ ਅਲਕੋਹਲ ਕਬਜ਼ੇ ਵਿਚ ਲੈ ਲਈ ਗਈ। ਉਨ੍ਹਾਂ ਦੱਸਿਆ ਕਿ ਇਕ ਲੀਟਰ ਅਲਕੋਹਲ ਨਾਲ ਦਸ ਲੀਟਰ ਜਾਅਲੀ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਤੇ ਇਹ ਸ਼ਰਾਬ ਚੋਣਾਂ ਵਿਚ ਵੋਟਰਾਂ ਨੂੰ ਪਿਆਈ ਜਾਣੀ ਸੀ। ਉਨ੍ਹਾਂ ਦੱਸਿਆ ਕਿ ਇਹ ਐਲਕੋਹਲ ਬਰਾਮਦ ਕਰ ਕੇ ਪੁਲਿਸ ਵੱਲੋਂ ਕਈ ਕੀਮਤੀ ਜਾਨਾਂ ਬਚਾਅ ਲਈਆਂ ਗਈਆਂ ਹਨ। ਐੱਸਐੱਸਪੀ ਦਿਹਾਤੀ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਕੁਲਵੰਤ ਸਿੰਘ ਰਾਏ ਤੇ ਅਕਾਸ਼ਦੀਪ ਸਿੰਘ ਤੋਂ ਪੁੱਛਗਿੱਛ ਤੋਂ ਬਾਅਦ ਇਨ੍ਹਾਂ ਦੋਹਾਂ ਤੋਂ ਇਲਾਵਾ ਲੈਲੋ, ਮਾਨ ਸਿੰਘ ਵਾਸੀ ਮੇਹਰਬਾਨਪੁਰਾ, ਅੰਮਿ੍ਤਸਰ ਤੇ ਇਕ ਹੋਰ ਵਿਅਕਤੀ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਲਿਆ ਗਿਆ ਹੈ।






