ਵਲਟੋਹਾ : ਪਿੰਡ ਥੇਹ ਸਰਹਾਲੀ ਵਿਖੇ ਬਿਜਲੀ ਦਾ ਖੰਭਾ ਲਗਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਚੱਲੀ ਗੋਲੀ ਵਿਚ ਦੋ ਵਿਅਕਤੀ ਜਖਮੀ ਹੋ ਗਏ। ਘਟਨਾ ਮੌਕੇ ਪੁੱਜੀ ਥਾਣਾ ਵਲਟੋਹਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਰੇਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋਏ ਗੁਰਲਾਭ ਸਿੰਘ ਅਤੇ ਹਰਚੰਦ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਆਈ ਹਨੇਰੀ ਤੇ ਮੀਂਹ ਕਾਰਨ ਬਿਜਲੀ ਦਾ ਖੰਭਾ ਟੁੱਟ ਗਿਆ ਸੀ।
ਸੰਬੰਧਿਤ ਖ਼ਬਰਾਂ
ਜਿਸ ਨੂੰ ਬਦਲਣ ਲਈ ਆਏ ਬਿਜਲੀ ਕਰਮਚਾਰੀਆਂ ਦੀ ਗੁਰਲਾਭ ਸਿੰਘ ਅਤੇ ਹਰਚੰਦ ਸਿੰਘ ਪਿੰਡ ਵਾਸੀ ਮੱਦਦ ਕਰ ਰਹੇ ਸੀ। ਇਸ ਦੌਰਾਨ ਖੰਭਾ ਲਗਾਉਣ ਨੂੰ ਲੈ ਕੇ ਪਿੰਡ ਵਾਸੀ ਪਿਓ ਪੁੱਤ ਨੇ ਗੁਰਲਾਭ ਸਿੰਘ ਅਤੇ ਹਰਚੰਦ ਸਿੰਘ ਨੂੰ ਪਿਸਤੌਲ ਨਾਲ ਗੋਲੀਆਂ ਮਾਰ ਕੇ ਜਖਮੀ ਕਰ ਦਿੱਤਾ। ਰੌਲਾ ਪਾਉਣ 'ਤੇ ਹਮਲਾਵਰ ਫਰਾਰ ਹੋਣ ਵਿਚ ਕਾਮਯਾਬ ਹੋ ਗਏ।
ਘਟਨਾ ਦੌਰਾਨ ਦੋਵੇਂ ਗੰਭੀਰ ਜਖਮੀ ਹੋ ਗਏ। ਜਿਨ੍ਹਾਂ ਨੂੰ ਘਰਿਆਲਾ ਹਸਪਤਾਲ ਵਿਖੇ ਲਿਜਾਇਆ ਗਿਆ। ਜਿਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿਥੇ ਉਹ ਜੇਰੇ ਇਲਾਜ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਜਾਂਚ ਕਰਨ ਪੁੱਜੇ ਥਾਣਾ ਵਲਟੋਹਾ ਦੇ ਮੁਖੀ ਇੰਸਪੈਕਟਰ ਤਰਸੇਮ ਮਸੀਹ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।






