ਮਹਿਲ ਕਲਾ : ਪਿੰਡ ਕਰਮਗੜ੍ਹ ਵਿਖੇ ਬੀਤੀ ਦੇਰ ਸ਼ਾਮ ਦੋ ਵਾਹਨਾਂ ਦੇ ਆਪਸ 'ਚ ਟਕਰਾਉਣ ਨਾਲ 7 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਜਿੰਨਾਂ 'ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੱਕ ਜ਼ਿਆਦਾ ਗੰਭੀਰ ਵਿਆਕਤੀ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਠੁੱਲੀਵਾਲ ਦੇ ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਫੋਰਟਰੈਕਸ ਗੱਡੀ 'ਚ ਸਵਾਰ ਵਿਅਕਤੀ ਪਿੰਡ ਮਨਾਲ ਤੋਂ ਸਗ਼ਨ ਪਾ ਕੇ ਵਾਪਸ ਕਣਕਵਾਲ ਭੰਗੂਆ (ਸੰਗਰੂਰ) ਜਾ ਰਹੇ ਸਨ ਜਦੋਂ ਹੀ ਉਹ ਪਿੰਡ ਕਰਮਗੜ੍ਹ ਤੋਂ ਜਲੂਰ ਨੂੰ ਜਾਂਦੀ ਲਿੰਕ ਸੜਕ 'ਤੇ ਚੜ੍ਹਨ ਲੱਗੇ ਤਾਂ ਸ਼ੇਰਪੁਰ ਸਾਈਡ ਤੋਂ ਆ ਰਹੀ ਇਕ ਗੱਡੀ ਦੀ ਉਨ੍ਹਾਂ ਨਾਲ ਟੱਕਰ ਹੋ ਗਈ, ਜਿਸ ਨਾਲ ਫੋਰਟਰੈਕਸ ਗੱਡੀ ਪਲਟ ਗਈ ਜਦਕਿ ਦੂਸਰੀ ਗੱਡੀ ਵੀ ਬਹੁਤ ਨੁਕਸਾਨੀ ਗਈ।
ਸੰਬੰਧਿਤ ਖ਼ਬਰਾਂ
ਇਸ ਹਾਦਸੇ 'ਚ ਫੋਰਟਰੈਕਸ ਗੱਡੀ 'ਚ ਸਵਾਰ ਲੱਖੀਂ ਸਿੰਘ, ਗੁਰਪ੍ਰੀਤ ਸਿੰਘ (ਦੋਵੇਂ ਸਕੇ ਭਰਾ) ਦਰਸ਼ਨ ਸਿੰਘ,ਚਰਨਜੀਤ ਸਿੰਘ ਵਾਸੀ ਕਣਕਵਾਲ ਅਤੇ ਸੁਰਜੀਤ ਕੌਰ ਵਾਸੀ ਸੇਖਾ ਜ਼ਖ਼ਮੀ ਹੋ ਗਏ ਜਦਕਿ ਦੂਸਰੀ ਗੱਡੀ ਦਾ ਚਾਲਕ ਗੁਰਮੀਤ ਸਿੰਘ ਵਾਸੀ ਛੰਨਾ ਗੁਲਾਬ ਸਿੰਘ ਤੇ ਬਾਬਾ ਬਲਵੀਰ ਸਿੰਘ ਵਾਸੀ ਸੇਮਾ ਕਲਾਂ ਵਜੋਂ ਹੋਈ। ਇਸ ਹਾਦਸੇ 'ਚ ਜ਼ਖ਼ਮੀ ਹੋਏ ਵਿਆਕਤੀਆਂ ਨੂੰ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਬਰਨਾਲਾ ਭੇਜਿਆ ਗਿਆ, ਜਿੱਥੇ ਬਲਵੀਰ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆ ਡਾਕਟਰਾਂ ਦੀ ਟੀਮ ਨੇ ਪਟਿਆਲਾ ਰੈਫਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਂਦਿਆਂ ਅਗਲੀ ਵਿਭਾਗੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।






