ਰੂਪਨਗਰ : ਪਿੰਡ ਰੈਲਮਾਜਰਾ ਦੇ ਨਜ਼ਦੀਕ ਮੈਕਸ ਇੰਡੀਆ ਫੈਕਟਰੀ ਦੇ ਸਾਹਮਣੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਟੈਂਪੂ ਟ੍ਰੈਵਲਰ ਗੱਡੀ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਟੱਕਰ 'ਚ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਦੂਸਰੇ ਨੌਜਵਾਨ ਦੀ ਪ੍ਰਾਈਵੇਟ ਹਸਪਤਾਲ ਪੁੱਜਣ 'ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਸਕਰਨ ਸਿੰਘ (17) ਪੁੱਤਰ ਸੋਹਣ ਸਿੰਘ ਅਤੇ ਹਰਮਨ ਸਿੰਘ (18) ਪੁੱਤਰ ਹਰਨੇਕ ਸਿੰਘ ਨਿਵਾਸੀ ਪਿੰਡ ਪਨਿਆਲੀ ਕਲਾਂ ਦੇ ਰੂਪ 'ਚ ਹੋਈ ਹੈ। ਇਹ ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੱਜ ਵਿਸਾਖੀ ਦੇ ਤਿਉਹਾਰ ਮੌਕੇ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਟਿੱਬੀ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ।
ਸੰਬੰਧਿਤ ਖ਼ਬਰਾਂ
ਥਾਣਾ ਕਾਠਗੜ੍ਹ ਦੇ ਐੱਸਐੱਚਓ ਸੰਦੀਪ ਕੁਮਾਰ ਨੇ ਦੱਸਿਆ ਕਿ ਪਿੰਡ ਪਨਿਆਲੀ ਕਲਾ ਦੇ ਨੌਜਵਾਨ ਜਸਕਰਨ ਸਿੰਘ ਤੇ ਹਰਮਨ ਸਿੰਘ ਆਪਣੇ ਮੋਟਰਸਾਈਕਲ (ਪੀਬੀ 20 ਬੀ-0862) 'ਤੇ ਸਵਾਰ ਹੋ ਕੇ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਵਿਖੇ ਮੱਥਾ ਟੇਕਣ ਜਾ ਰਹੇ ਸਨ ਅਤੇ ਜਦੋਂ ਪਿੰਡ ਰੈਲਮਾਜਰਾ ਦੇ ਕੋਲ ਮੈਕਸ ਇੰਡੀਆ ਫੈਕਟਰੀ ਦੇ ਕੋਲ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਟੈਂਪੂ ਟ੍ਰੈਵਲਰ ਗੱਡੀ (ਪੀਬੀ 01-ਏ-1195) ਨਾਲ ਟੱਕਰ ਹੋ ਗਈ। ਜਸਕਰਨ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਹਰਮਨ ਸਿੰਘ ਨੂੰ ਰੋਪੜ ਦੇ ਪ੍ਰਰਾਈਵੇਟ ਹਸਪਤਾਲ ਲਿਆਂਦਾ ਗਿਆ ਅਤੇ ਹਸਪਤਾਲ ਪੁੱਜਣ 'ਤੇ ਉਸਨੇ ਦਮ ਤੋੜ ਦਿੱਤਾ। ਟੈਂਪੂ ਟ੍ਰੈਵਲਰ ਗੱਡੀ ਮੋਹਾਲੀ ਤੋਂ ਗੜ੍ਹਸ਼ੰਕਰ ਜਾ ਰਹੀ ਸੀ ਅਤੇ ਡਰਾਈਵਰ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਹਾਦਸੇ ਦੀ ਜਾਂਚ ਸ਼ਰੂ ਕਰ ਦਿੱਤੀ ਹੈ।






