ਮੋਗਾ (ਇੰਦਰਜੀਤ ਸਿੰਘ) : ਮਿੱਤਲ ਲੈਬ 'ਚ ਚੱਲ ਰਹੇ ਵੀਐੱਮ ਸਕੈਨ ਸੈਂਟਰ 'ਚ ਲਿੰਗ ਨਿਰਧਾਰਨ ਟੈਸਟ ਦਾ ਸਿਰਸਾ ਤੋਂ ਪਹੁੰਚੀ ਟੀਮ ਵੱਲੋਂ ਪਰਦਾਫਾਸ਼ ਕਰਨ ਤੋਂ ਬਾਅਦ ਥਾਣਾ ਸਿਟੀ ਮੋਗਾ ਪੁਲਿਸ ਨੇ ਸੈਂਟਰ ਦੇ ਡਾਕਟਰ ਵਰੁਣ ਮਿੱਤਲ ਸਮੇਤ ਚਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਨੇ ਇਕ ਔਰਤ ਸਮੇਤ ਦੋ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਡਾ. ਵਰੁਣ ਮਿੱਤਲ ਸਮੇਤ ਇਕ ਔਰਤ ਦੀ ਗਿ੍ਫ਼ਤਾਰੀ ਦੀ ਪੁਸ਼ਟੀ ਪੁਲਿਸ ਵੱਲੋਂ ਅਜੇ ਤਕ ਨਹੀਂ ਕੀਤੀ ਗਈ ਹੈ।
ਸੰਬੰਧਿਤ ਖ਼ਬਰਾਂ
ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਅਨੁਸਾਰ ਜਸਵੀਰ ਸਿੰਘ ਉਰਫ ਜੱਸਾ ਪੁੱਤਰ ਜਗਤਾਰ ਸਿੰਘ ਵਾਸੀ ਸਮਾਓਂ (ਮਾਨਸਾ), ਵੀਰਪਾਲ ਕੌਰ ਪਤਨੀ ਸੁਖਮੰਦਰ ਸਿੰਘ ਵਾਸੀ ਆਲੀਕੇ (ਮਾਨਸਾ), ਡਾ. ਵਰੁਣ ਮਿੱਤਲ ਵਾਸੀ ਮਿੱਤਲ ਲੈਬ ਮੋਗਾ ਅਤੇ ਰਵਿੰਦਰ ਕੌਰ ਵਾਸੀ ਫ਼ਰੀਦਕੋਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਹਰਿਆਣਾ ਦੇ ਸਿਰਸਾ ਸ਼ਹਿਰ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਨੇ ਮੋਗਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਬੀਤੇ ਮੰਗਲਵਾਰ ਨੂੰ ਛਾਪਾਮਾਰੀ ਕਰ ਕੇ ਮਿੱਤਲ ਲੈਬ ਦੇ ਪਿਛਲੇ ਹਿੱਸੇ 'ਚ ਚੱਲ ਰਹੇ ਵੀਐੱਮ ਸਕੈਨ ਸੈਂਟਰ 'ਚ ਹੁੰਦੇ ਲਿੰਗ ਨਿਰਧਾਰਨ ਟੈਸਟ ਦਾ ਪਰਦਾਫਾਸ਼ ਕੀਤਾ ਸੀ।
ਸਿਹਤ ਵਿਭਾਗ ਦੀ ਟੀਮ ਨੇ ਦਲਾਲ ਦੇ ਰੂਪ ਵਿਚ ਇਹ ਟੈਸਟ ਕਰਵਾਉਣ ਪਹੁੰਚੇ ਮਾਨਸਾ ਦੇ ਸਮਾਓਂ ਕਸਬੇ ਦੇ ਰਹਿਣ ਵਾਲੇ ਝੋਲਾ ਛਾਪ ਡਾਕਟਰ ਜਸਬੀਰ ਸਿੰਘ ਜੱਸਾ ਅਤੇ ਉਸ ਦੀ ਸਹਾਇਕਾ ਦਾਈ ਵੀਰਪਾਲ ਕੌਰ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 54 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਬਰਾਮਦ ਕੀਤੀ ਸੀ, ਜੋ ਲਿੰਗ ਨਿਰਧਾਰਨ ਟੈਸਟ ਕਰਨ ਵਾਸਤੇ ਲਈ ਗਈ ਸੀ।






