ਕੈਲਗਰੀ (ਦੇਵ ਇੰਦਰਜੀਤ)- ਕੈਨੇਡਾ ਵਿੱਚ ਕੋਰੋਨਾ ਸੰਕਟ ਵਿਚਾਲੇ ਜ਼ਿੰਦਗੀ ਮੁੜ ਤੋਂ ਲੀਹ ‘ਤੇ ਆ ਰਹੀ ਹੈ। ਕੋਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਪ੍ਰਕਿਰਿਆ ਦੇ ਚਲਦੇ ਰਹਿਣ ਵਿਚਾਲੇ ਕੋਰੋਨਾ ਸੰਕ੍ਰਮਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਤਾਂ ਉਹ ਸੇਵਾਵਾਂ ਵੀ ਮੁੜ ਤੋਂ ਸ਼ੁਰੂ ਹੋਣ ਲੱਗੀਆਂ ਹਨ ਜਿਹੜੀਆਂ ਕੋਰੋਨਾ ਸੰਕਟ ਕਾਰਨ ਬੰਦ ਹੋ ਚੁੱਕੀਆਂ ਸਨ।
ਸੰਬੰਧਿਤ ਖ਼ਬਰਾਂ
ਕੈਲਗਰੀ ਅਧਾਰਿਤ ਕਿਫ਼ਾਇਤੀ ਹਵਾਈ ਸੇਵਾ ਦੇਣ ਵਾਲੀ ‘ਵੈਸਟਜੈੱਟ’ ਨੇ ਘੋਸ਼ਣਾ ਕੀਤੀ ਕਿ ਉਹ ਕਰੀਬ 6 ਮਹੀਨੇ ਬਾਅਦ ਐਟਲਾਂਟਿਕ ਕੈਨੇਡੀਅਨ ਹਵਾਈ ਅੱਡਿਆਂ ‘ਤੇ ਵਾਪਸੀ ਕਰਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਸੰਕਟ ਦੇ ਚਲਦਿਆਂ ਵੈਸਟਜੈੱਟ ਨੇ ਪਿਛਲੇ ਸਾਲ ਦੀ ਆਖ਼ਰੀ ਤਿਮਾਹੀ ਵਿੱਚ ਆਪਣੀਆਂ ਸੇਵਾਵਾਂ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਸੀ। ‘ਵੈਸਟਜੈੱਟ’ ਨੇ ਹੁਣ ਪੂਰਬੀ ਕੈਨੇਡਾ ਦੇ 6 ਹਵਾਈ ਅੱਡਿਆਂ ਤੋਂ ਸੇਵਾਵਾਂ ਬਹਾਲ ਕਰਨ ਦਾ ਐਲਾਨ ਕੀਤਾ ਹੈ, ਜੋ ਮਹਾਂਮਾਰੀ ਦੇ ਕਾਰਨ ਮਾੜੇ ਆਰਥਿਕ ਹਾਲਾਤਾਂ ਵਿੱਚ ਮੁਅੱਤਲ ਕਰ ਦਿੱਤੀ ਗਈ ਸੀ।
‘ਵੈਸਟਜੈੱਟ’ ਦੇ ਅਧਿਕਾਰੀਆਂ ਨੇ ਮੁੜ ਸੇਵਾਵਾਂ ਬਹਾਲ ਕਰਨ ਦੀ ਯੋਜਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਾਰਲੋਟ ਟਾਉਨ, ਫਰੈਡਰਿਕਟਨ, ਮੋਨਕਟਨ, ਸਿਡਨੀ ਅਤੇ ਕਿਊਬਿਕ ਸਿਟੀ ਤੋਂ ਬਾਹਰ ਦੀਆਂ ਉਡਾਣਾਂ 24 ਜੂਨ ਤੋਂ 30 ਜੂਨ ਤੱਕ ਦੁਬਾਰਾ ਸ਼ੁਰੂ ਹੋਣਗੀਆਂ। ਸੇਂਟ ਜੋਨਜ਼ ਅਤੇ ਟੋਰਾਂਟੋ ਦਰਮਿਆਨ ਸੇਵਾ, ਜੋ ਅਕਤੂਬਰ ਵਿੱਚ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤੀ ਗਈ ਸੀ, 24 ਜੂਨ ਨੂੰ ਦੁਬਾਰਾ ਸ਼ੁਰੂ ਹੋਵੇਗੀ।







