ਪਟਿਆਲਾ : ਸਥਾਨਕ ਪਸਿਆਣਾ ਕੋਲ ਸਥਿਤ ਭਾਖੜਾ ਨਹਿਰ ਦੇ ਪੁਲ ਕੋਲੋਂ ਸਕੂਟਰੀ ਸਵਾਰ ਪਤੀ-ਪਤਨੀ ਨਹਿਰ 'ਚ ਡਿੱਗ ਗਏ, ਜਿਨ੍ਹਾਂ 'ਚੋਂ ਪਤਨੀ ਪਾਣੀ ਤੇਜ਼ ਵਹਾਅ 'ਚ ਰੁੜ ਗਈ ਜਦਕਿ ਪਤੀ ਸੁਰੱਖਿਅਤ ਬਾਹਰ ਆ ਗਿਆ। ਜਿੱਥੇ ਪਤੀ ਵੱਲੋਂ ਖੁਦ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ, ਉਥੇ ਹੀ ਮਲੜੀ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦੇ ਪਤੀ ਵੱਲੋਂ ਜਾਣ ਬੁੱਝ ਕੇ ਨਹਿਰ 'ਚ ਸੁੱਟਿਆ ਗਿਆ ਹੈ। ਮ੍ਰਿਤਕਾ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਲਈ ਪਰਿਵਾਰ ਵੱਲੋਂ ਥਾਣੇ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਰੋਸ ਪ੍ਰਦਰਸ਼ਨ ਕਰ ਰਹੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸੁਰਜੀਤ ਕੌਰ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਜੌਲਾਂ ਕਲਾਂ ਵਾਸੀ ਹਰਬਜੀਤ ਨਾਲ ਹੋਇਆ ਸੀ।
ਸੰਬੰਧਿਤ ਖ਼ਬਰਾਂ
ਸੁਰਜੀਤ ਕੌਰ ਸਰਕਾਰੀ ਨੌਕਰੀ ਕਰਦੀ ਹੈ ਜਦੋਂ ਕਿ ਹਰਬਜੀਤ ਖੁਦ ਫੌਜ 'ਚ ਨੌਕਰੀ ਕਰਦਾ ਹੈ। ਸੁਰਜੀਤ ਕੌਰ ਦੇ ਪਿਤਾ ਚੁੰਨੀ ਲਾਲ ਨੇ ਦੱਸਿਆ ਕਿ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਉਸ ਕੋਲੋਂ ਬੱਚਾ ਨਾ ਹੋਣ ਅਤੇ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਮ੍ਰਿਤਕਾ ਦੇ ਪਿਤਾ ਅਨੁਸਾਰ ਸੁਰਜੀਤ ਕੌਰ ਆਪਣੇ ਪੇਕੇ ਘਰ ਹੀ ਹੋਈ ਸੀ ਅਤੇ ਬੀਤੀ ਸ਼ਾਮ ਉਸ ਦਾ ਪਤੀ ਹਰਬਜੀਤ ਉਸ ਨੂੰ ਲੈਣ ਲਈ ਆਇਆ ਸੀ। ਹਰਬਜੀਤ ਆਪਣੀ ਪਤਨੀ ਸੁਰਜੀਤ ਨੂੰ ਸਕੂਟਰੀ ਤੇ ਘੁਮਾਉਣ ਲਈ ਨਾਲ ਲੈ ਗਿਆ ਸੀ ਅਤੇ ਇਸੇ ਦੌਰਾਨ ਹੀ ਇਹ ਵਾਰਦਾਤ ਵਾਪਰੀ ਹੈ।
ਮ੍ਰਿਤਕਾ ਦੇ ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਦੇ ਪਤੀ ਵੱਲੋਂ ਜਾਣ ਬੁੱਝ ਕੇ ਉਸ ਨੂੰ ਨਹਿਰ 'ਚ ਸੁੱਟ ਦਿੱਤਾ ਗਿਆ ਤੇ ਖੁਦ ਬਚ ਕੇ ਬਾਹਰ ਆ ਗਿਆ। ਦੂਸਰੇ ਪਾਸੇ ਥਾਣਾ ਪਸਿਆਣਾ ਪੁਲਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ 'ਚੋਂ ਸਰਬਜੀਤ ਕੌਰ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।






