ਕਪੂਰਥਲਾ : ਭਾਰਤ ਵਿਚ ਨਸ਼ਾ ਕਰਨ ਵਾਲੀਆਂ ਔਰਤਾਂ ਦੇ ਇਲਾਜ ਸਬੰਧੀ ਰਾਸ਼ਟਰ ਪੱਧਰੀ ਦੋ ਰੋਜ਼ਾ ਵਰਕਸ਼ਾਪ ਅੱਜ ਸਿਵਲ ਹਸਪਤਾਲ ਕਪੂਰਥਲਾ ਵਿਚ ਚੱਲ ਰਹੇ ਨਵਜੀਵਨ ਨਸ਼ਾ ਛੁਡਾਊ ਕੇਂਦਰ ਵਿਚ ਸਮਾਪਤ ਹੋ ਗਈ। ਇਸ ਵਰਕਸ਼ਾਪ ਵਿਚ 'ਇੰਡੀਅਨ ਡਰੱਗ ਯੂਜ਼ਰ ਪ੍ਰੋਗਰਾਮ' ਅਤੇ ਨਸ਼ੇ ਦੀ ਦਲਦਲ ਵਿਚੋਂ ਬਾਹਰ ਆ ਚੁੱਕੀਆਂ ਜਾਂ ਬਾਹਰ ਆ ਰਹੀਆਂ ਮਹਿਲਾਵਾਂ ਨਾਲ ਵਿਚਾਰ-ਚਰਚਾ ਕੀਤੀ ਗਈ ਤਾਂ ਜੋ ਅਜਿਹੀਆਂ ਹੋਰਨਾਂ ਔਰਤਾਂ ਵਾਸਤੇ ਹੋਰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਵਰਕਸ਼ਾਪ ਵਿਚ ਮੁਲਕ ਭਰ ਦੇ 13 ਸੂਬਿਆਂ ਵਿਚੋਂ ਔਰਤਾਂ ਸ਼ਾਮਿਲ ਹੋਈਆਂ।
ਇਸ ਦੌਰਾਨ ਮਹਿਲਾਵਾਂ ਵਿਚ ਐਚ. ਆਈ. ਵੀ, ਹੈਪੇਟਾਈਟਸ ਅਤੇ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਵਾਸਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਵਰਕਸ਼ਾਪ ਦੇ ਦੂਜੇ ਅਤੇ ਅੰਤਿਮ ਦਿਨ ਅੱਜ ਏ. ਡੀ. ਜੀ. ਪੀ (ਐਸ. ਟੀ. ਐਫ) ਸ੍ਰੀਮਤੀ ਗੁਰਪ੍ਰੀਤ ਦਿਓ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨਾਂ ਵਰਕਸ਼ਾਪ ਵਿਚ ਸ਼ਾਮਿਲ ਮਹਿਲਾਵਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨਾਂ ਦੇ ਸਿਹਤ ਹੱਕਾਂ ਅਤੇ ਸਮਾਜਿਕ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖ ਕੇ ਉਨਾਂ ਦੀ ਹਰ ਪੱਖ ਤੋਂ ਮਦਦ ਕਰਨਗੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਉਨਾਂ ਦਾ ਮਹਿਕਮਾ ਨਸ਼ੇ ਦੀ ਸਪਲਾਈ ਚੇਨ 'ਤੇ ਕੰਟਰੋਲ ਕਰਨ ਦੇ ਨਾਲ-ਨਾਲ ਮੰਗ ਵਿਚ ਕਮੀ (ਡਿਮਾਂਡ ਰਿਡਕਸ਼ਨ) ਅਤੇ ਨੁਕਸਾਨ ਨੂੰ ਘਟਾਉਣ (ਹਾਰਮ ਰਿਡਕਸ਼ਨ) 'ਤੇ ਵੀ ਕੰਮ ਕਰ ਰਿਹਾ ਹੈ ਅਤੇ ਇਸ ਸਬੰਧੀ ਵੱਡੀ ਮੁਹਿੰਮ ਚਲਾਈ ਗਈ ਹੈ।
ਸੰਬੰਧਿਤ ਖ਼ਬਰਾਂ
ਉਨਾਂ ਡਾ. ਸੰਦੀਪ ਭੋਲਾ ਅਤੇ ਉਨਾਂ ਦੀ ਟੀਮ ਦੀ ਇਸ ਵਿਸ਼ੇ 'ਤੇ ਕੰਮ ਕਰਨ ਲਈ ਬਹੁਤ ਸ਼ਲਾਘਾ ਕੀਤੀ ਅਤੇ ਆਪਣੇ ਮਹਿਕਮੇ ਵੱਲੋਂ ਪੂਰੀ ਮਦਦ ਦੇਣ ਦਾ ਭਰੋਸਾ ਦਿਵਾਇਆ। ਉਨਾਂ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਮਹਿਲਾਵਾਂ ਵੱਲੋਂ ਨਸ਼ਾ ਲੈਣ ਦੇ ਕਾਰਨਾਂ, ਇਲਾਜ ਅਤੇ ਨਸ਼ਿਆਂ ਦੇ ਨੁਕਸਾਨਾਂ ਨੂੰ ਘੱਟ ਕਰਨਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਇੰਜ: ਡੀ. ਪੀ. ਐਸ ਖਰਬੰਦਾ ਨੇ ਦੱਸਿਆ ਕਿ ਕਪੂਰਥਲਾ ਨਸ਼ਾ ਮੁਕਤੀ ਦੀ ਮੁਹਿੰਮ ਵਿਚ ਵੱਧ-ਚੜ ਕੇ ਕੰਮ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਖਾਸ ਤੌਰ 'ਤੇ ਔਰਤਾਂ ਨੂੰ ਧਿਆਨ ਵਿਚ ਰੱਖ ਕੇ ਉਨਾਂ ਦੇ ਮੁੜ ਵਸੇਬੇ ਲਈ ਕਿੱਤਾਮੁਖੀ ਕੋਰਸ, ਲੋਨ ਸੁਵਿਧਾ ਅਤੇ ਸਵੈ-ਰੁਜ਼ਗਾਰ ਸ਼ੁਰੂ ਕਰਨ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। 'ਇੰਡੀਆ ਐਚ. ਆਈ. ਵੀ ਏਡਜ਼ ਅਲਾਇੰਸ' ਤੋਂ ਆਏ ਸ੍ਰੀ ਕੁਨਾਲ ਕਿਸ਼ੋਰ ਨੇ ਇਸ ਮੌਕੇ ਦੱਸਿਆ ਕਿ ਇਸ ਪ੍ਰਾਜੈਕਟ ਸਬੰਧੀ ਪੰਜਾਬ ਸਰਕਾਰ ਅਤੇ ਖਾਸ ਤੌਰ 'ਤੇ ਵਧੀਕ ਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਸ੍ਰੀ ਸਤੀਸ਼ ਚੰਦਰਾ ਵੱਲੋਂ ਹਰ ਸੰਭਵ ਮਦਦ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਹਾਰਮ ਰਿਡਕਸ਼ਨ ਦੀਆਂ ਵਿਸ਼ਵ ਸਿਹਤ ਸੰਗਠਨ (ਡਬਲਿਊ. ਐਚ. ਓ) ਵੱਲੋਂ ਤਜਵੀਜ਼ ਕੀਤੀਆਂ ਗਈਆਂ 9 ਸੇਵਾਵਾਂ ਵਿਚੋਂ 8 ਸਿਵਲ ਹਸਪਤਾਲ ਕਪੂਰਥਲਾ ਵਿਖੇ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਕਪੂਰਥਲਾ ਨੂੰ ਇਸ ਪਾਇਲਟ ਪ੍ਰਾਜੈਕਟ ਅਤੇ ਰਾਸ਼ਟਰ ਪੱਧਰੀ ਵਰਕਸ਼ਾਪ ਵਾਸਤੇ ਚੁਣਿਆ ਗਿਆ ਹੈ। 'ਇੰਡੀਆ ਐਚ. ਆਈ. ਵੀ ਏਡਜ਼ ਅਲਾਇੰਸ' ਤੋਂ ਸ੍ਰੀ ਚਰਨਜੀਤ ਸ਼ਰਮਾ, ਮੈਡਮ ਹਰਜੋਤ ਖੋਸਾ ਅਤੇ ਮੈਡਮ ਇਰਾ ਮਦਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ, ਸਿਵਲ ਸਰਜਨ ਡਾ. ਬਲਵੰਤ ਸਿੰਘ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸ. ਪੀ ਸ. ਹਰਪ੍ਰੀਤ ਸਿੰਘ ਮੰਡੇਰ, ਸ. ਦਵਿੰਦਰ ਪਾਲ ਸਿੰਘ ਆਹੂਜਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।






